ਨਵੀਂ ਦਿੱਲੀ, 6 ਫਰਵਰੀ (ਪੰਜਾਬ ਮੇਲ)- ਫੋਰਬਸ ਨੇ 2025 ‘ਚ ਦੁਨੀਆਂ ਦੇ 10 ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਰੈਂਕਿੰਗ ਜਾਰੀ ਕਰ ਦਿੱਤੀ ਹੈ ਪਰ ਭਾਰਤ ਦਾ ਨਾਂ ਇਨ੍ਹਾਂ ਚੋਟੀ ਦੇ 10 ਦੇਸ਼ਾਂ ‘ਚੋਂ ਬਾਹਰ ਰੱਖਿਆ ਗਿਆ ਹੈ। ਕਈ ਮਹੱਤਵਪੂਰਨ ਮਾਪਦੰਡਾਂ ‘ਤੇ ਆਧਾਰਿਤ ਇਸ ਸੂਚੀ ‘ਚੋਂ ਭਾਰਤ ਵਰਗੇ ਦੇਸ਼, ਜਿਸਦੀ ਆਬਾਦੀ ਬਹੁਤ ਵੱਡੀ ਹੈ, ਫੌਜ ਚੌਥੀ ਸਭ ਤੋਂ ਵੱਡੀ ਹੈ ਤੇ ਅਰਥਵਿਵਸਥਾ 5ਵੀਂ ਸਭ ਤੋਂ ਵੱਡੀ ਹੈ, ਦਾ ਨਾ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਫੋਰਬਸ ਨੇ ਰਿਪੋਰਟ ਦਿੱਤੀ ਕਿ ਇਹ ਸੂਚੀ ਯੂ.ਐੱਸ. ਨਿਊਜ਼ ਵੱਲੋਂ ਤਿਆਰ ਕੀਤੀ ਗਈ ਹੈ ਤੇ ਦਰਜਾਬੰਦੀ ਲਈ 5 ਮੁੱਖ ਮਾਪਦੰਡਾਂ ਦੀ ਵਰਤੋਂ ਕੀਤੀ ਗਈ ਹੈ। ਇਹ ਸੂਚੀ ਕਿਸੇ ਵੀ ਦੇਸ਼ ਦੇ ਨੇਤਾ, ਆਰਥਿਕ ਪ੍ਰਭਾਵ, ਰਾਜਨੀਤਕ ਪ੍ਰਭਾਵ, ਮਜ਼ਬੂਤ ਅੰਤਰਰਾਸ਼ਟਰੀ ਗੱਠਜੋੜ ਅਤੇ ਮਜ਼ਬੂਤ ਫੌਜ ਦੇ ਆਧਾਰ ‘ਤੇ ਤਿਆਰ ਕੀਤੀ ਜਾਂਦੀ ਹੈ। ਭਾਰਤ ਦੀ ਵੱਡੀ ਆਬਾਦੀ, ਫੌਜੀ ਤਾਕਤ ਤੇ ਆਰਥਿਕ ਤਰੱਕੀ ਨੂੰ ਦੇਖਦੇ ਹੋਏ, ਇਸਨੂੰ ਇਸ ਸੂਚੀ ਵਿਚੋਂ ਬਾਹਰ ਰੱਖਣਾ ਹੈਰਾਨੀਜਨਕ ਹੈ। ਇਸ ਨਾਲ ਬਹੁਤ ਸਾਰੇ ਮਾਹਿਰਾਂ ਅਤੇ ਜਨਤਾ ‘ਚ ਸਵਾਲ ਖੜ੍ਹੇ ਹੋਏ ਹਨ, ਜਿਨ੍ਹਾਂ ਅਨੁਸਾਰ ਫੋਰਬਸ ਦੀ ਰੈਂਕਿੰਗ ਵਿਧੀ ਭਾਰਤ ਦੇ ਪ੍ਰਭਾਵ ਦਾ ਸਹੀ ਮੁਲਾਂਕਣ ਕਰਨ ‘ਚ ਅਸਫਲ ਰਹੀ ਹੈ।