#AMERICA

ਫਿਲਾਡੈਲਫੀਆ ਸ਼ਹਿਰ ‘ਚ ਲੁਟੇਰਿਆਂ ਨੇ ਮਚਾਈ ਦਹਿਸ਼ਤ

-ਰਾਤ ਭਰ ਠੇਕਿਆਂ ਦੀ ਕੀਤੀ ਲੁੱਟਮਾਰ ਉਪਰੰਤ ਠੇਕੇ ਕੀਤੇ ਬੰਦ
– ਸੁਰੱਖਿਆ ਉਪਰੰਤ ਹੀ ਖੋਲ੍ਹੇ ਜਾਣਗੇ ਠੇਕੇ : ਸ਼ਾਅਨ ਕੈਲੀ
ਸੈਕਰਾਮੈਂਟੋ, 29 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਪੈਨਸਿਲਵੇਨੀਆ ਰਾਜ ਦੇ ਵੱਡੇ ਸ਼ਹਿਰ ਫਿਲਾਡੈਲਫੀਆ ਵਿਚ ਰਾਤ ਭਰ ਲੁਟੇਰਿਆਂ ਵੱਲੋਂ ਸ਼ਰਾਬ ਦੇ ਸਟੋਰਾਂ ਵਿਚ ਕੀਤੀ ਲੁੱਟਮਾਰ ਉਪਰੰਤ ਸਾਰੇ ਠੇਕੇ ਬੰਦ ਕਰ ਦੇਣ ਦੀ ਰਿਪੋਰਟ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਲੁੱਟਮਾਰ ਦੇ ਮਾਮਲਿਆਂ ਵਿਚ ਕਈ ਸ਼ੱਕੀ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਜੇਕਰ ਹਾਲਾਤ ਹੱਦੋਂ ਬਾਹਰ ਹੋ ਜਾਂਦੇ ਹਨ, ਤਾਂ ਉਹ ਕੁਝ ਹੋਰ ਕਦਮ ਚੁੱਕਣ ਲਈ ਵੀ ਤਿਆਰ ਹੈ। ਇਸ ਦੇ ਨਾਲ ਹੀ ਪੁਲਿਸ ਨੇ ਹਿੰਸਕ ਗਤੀਵਿਧੀ ਵਿਰੁੱਧ ਤੁਰੰਤ ਸੂਚਨਾ ਦੇਣ ਦੀ ਵੀ ਅਪੀਲ ਕੀਤੀ ਹੈ। ਸ਼ਾਅਨ ਕੈਲੀ ਪ੍ਰੈੱਸ ਸਕੱਤਰ ਪੈਨਸਿਲਵੇਨੀਆ ਲਿਕਰ ਕੰਟਰੋਲ ਬੋਰਡ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ 18 ਸਟੋਰਾਂ ਨੂੰ ਲੁੱਟਣ ਉਪਰੰਤ ਫਿਲਾਡੈਲਫੀਆ ਵਿਚ 49 ਰਿਟੇਲ ਵਾਈਨ ਤੇ 48 ਲਿਕਰ ਸਟੋਰ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਰਾਬ ਦੇ ਸਟੋਰਾਂ ਵਿਚ ਲੁੱਟਮਾਰ ਕੀਤੀ ਗਈ ਹੈ, ਉਥੇ ਹਾਲਾਂਕਿ ਕੋਈ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਹੈ ਪਰੰਤੂ ਉਥੇ ਦਹਿਸ਼ਤ ਦਾ ਵਾਤਾਵਰਣ ਪੈਦਾ ਹੋ ਗਿਆ ਹੈ। ਕੈਲੀ ਨੇ ਕਿਹਾ ਹੈ ਕਿ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਸ਼ਰਾਬ ਦੇ ਸਟੋਰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਵੱਲੋਂ ਕੀਤੇ ਨੁਕਸਾਨ ਬਾਰੇ ਅਜੇ ਕੁਝ ਕਹਿਣਾ ਕਾਹਲੀ ਹੋਵੇਗੀ। ਸਮੁੱਚੇ ਨੁਕਸਾਨ ਦਾ ਜਾਇਜ਼ਾ ਲੈਣ ਉਪਰੰਤ ਹੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕੈਲੀ ਨੇ ਕਿਹਾ ਹੈ ਕਿ ਜਦੋਂ ਸਾਨੂੰ ਸੁਰੱਖਿਆ ਦਾ ਅਹਿਸਾਸ ਹੋ ਜਾਵੇਗਾ, ਓਦੋਂ ਹੀ ਸਟੋਰ ਮੁੜ ਖੋਲ੍ਹੇ ਜਾਣਗੇ। ਇਸ ਤੋਂ ਪਹਿਲਾਂ ਨੁਕਸਾਨ ਦੀ ਭਰਪਾਈ ਕਰਨੀ ਹੋਵੇਗੀ। ਇਸੇ ਦੌਰਾਨ ਸ਼ਹਿਰ ਦੇ ਅਧਿਕਾਰੀਆਂ ਤੇ ਮੇਅਰ ਜਿਮ ਕੈਨੀ ਨੇ ਜਨਤਕ ਸੁਰੱਖਿਆ ਤੇ ਕਾਰੋਬਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਦਾ ਐਲਾਨ ਕੀਤਾ ਹੈ। ਕੈਨੀ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੋ ਵੀ ਕੋਈ ਅਪਰਾਧਕ ਗਤੀਵਿਧੀ ਵਿਚ ਸ਼ਾਮਲ ਹੋਵੇਗਾ, ਉਹ ਨਤੀਜੇ ਭੁਗਤਣ ਲਈ ਤਿਆਰ ਰਹੇ। ਫਿਲਾਡੈਲਫੀਆ ਡਿਸਟ੍ਰਿਕਟ ਅਟਾਰਨੀ ਦਫਤਰ ਦੇ ਬੁਲਾਰੇ ਜਾਨੇ ਰੋਹ ਨੇ ਕਿਹਾ ਹੈ ਕਿ ਸ਼ਰਾਬ ਦੇ ਸਟੋਰਾਂ ਦੀ ਲੁੱਟਮਾਰ ਉਪਰੰਤ 3 ਨਬਾਲਗਾਂ ਸਮੇਤ 52 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੱਡੀ ਪੱਧਰ ਉਪਰ ਲੁੱਟਮਾਰ ਦੀਆਂ ਘਟਨਾਵਾਂ ਸ਼ਹਿਰ ਵਿਚ ਇਕ ਜੱਜ ਦੇ ਫੈਸਲੇ ਜਿਸ ਵਿਚ ਉਸ ਨੇ ਪਿਛਲੇ ਮਹੀਨੇ 14 ਅਗਸਤ ਨੂੰ ਇਕ 27 ਸਾਲਾ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ ਦੇਣ ਵਾਲੇ ਸਾਬਕਾ ਪੁਲਿਸ ਅਫਸਰ ਮਾਰਕ ਡਿਆਲ ਵਿਰੁੱਧ ਲੱਗੇ ਸ਼ਾਰੇ ਦੋਸ਼ ਰੱਦ ਕਰ ਦਿੱਤੇ ਸਨ, ਵਿਰੁੱਧ ਕੀਤੇ ਸ਼ਾਂਤਮਈ ਵਿਖਾਵੇ ਉਪਰੰਤ ਵਾਪਰੀਆਂ ਹਨ। ਸ਼ਹਿਰ ਦੇ ਅੰਤ੍ਰਿਮ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਉਸ ਦਾ ਵਿਸ਼ਵਾਸ ਹੈ ਕਿ ਲੁਟੇਰੇ ਮੌਕਾਪ੍ਰਸਤ ਸਨ ਤੇ ਉਹ ਵਿਖਾਵੇ ਨਾਲ ਸਿੱਧੇ ਤੌਰ ‘ਤੇ ਸਬੰਧਤ ਨਹੀਂ ਸਨ।

Leave a comment