#AMERICA

ਫਿਲਾਡੇਲਫੀਆ ‘ਚ ਹਾਈ ਸਕੂਲ ਬਾਸਕਟਬਾਲ ਖਿਡਾਰੀ ਦਾ ਮਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ

ਫਿਲਾਡੇਲਫੀਆ, 18 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਜ ਪੈਨਸਿਲਵੇਨੀਆ ਦੇ ਸਭ ਤੋਂ ਵੱਡੇ ਸ਼ਹਿਰ ਫਿਲਾਡੇਲਫੀਆ ਵਿਚ ਸਥਿਤ ਸੈਮੂਅਲ ਫੇਲਜ਼ ਹਾਈ ਸਕੂਲ ਦੇ 17 ਸਾਲਾ ਹਾਈ ਸਕੂਲ ਬਾਸਕਟਬਾਲ ਖਿਡਾਰੀ ਨੋਹ ਸਕਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਦੋਂ ਵਾਪਰੀ, ਜਦੋਂ ਨੋਹ ਆਪਣੀ ਮਾਂ ਨਾਲ ਸਕੂਲ ਜਾ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਮੰਗਲਵਾਰ 14 ਜਨਵਰੀ ਨੂੰ ਸਵੇਰੇ 7:15 ਵਜੇ ਟੈਕਨੀ ਕਰੀਕ ਪਾਰਕ ਨੇੜੇ ਵਾਪਰੀ।
ਨੋਹ ਸਕਰੀ ਨੇ ਮੌਤ ਤੋਂ ਲਗਭਗ 24 ਘੰਟੇ ਪਹਿਲਾਂ ਆਪਣੀ ਇੱਕ ਰੈਪ ਵੀਡੀਓ ਜਾਰੀ ਕੀਤੀ ਸੀ। ਇਸ ਵਿਚ ਉਸ ਨੇ ਆਪਣੇ ਕੁਝ ਦੋਸਤਾਂ ਨਾਲ ਮਾਸਕ ਪਹਿਨੇ ਹੋਏ ਸਨ ਅਤੇ ਹੱਥਾਂ ਵਿਚ ਬੰਦੂਕਾਂ ਫੜੀਆਂ ਹੋਈ ਸਨ। ਸੋਸ਼ਲ ਮੀਡੀਆ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੋਹ (ਸਟਾਰ ਪਲੇਅਰ) ਦੀ ਮੌਤ ਦਾ ਇਸ ਨਾਲ ਜ਼ਰੂਰ ਕੋਈ ਸਬੰਧ ਹੈ। ਦੂਜੇ ਪਾਸੇ, ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਕਈ ਰਾਉਂਡ ਫਾਇਰਿੰਗ ਦੀ ਆਵਾਜ਼ ਸੁਣੀ ਅਤੇ ਇਸ ਤੋਂ ਬਾਅਦ ਸਕਰੀ ਦੀ ਮਾਂ ਚੀਕਣ ਲੱਗ ਪਈ। ਹਾਲਾਂਕਿ, ਮਾਂ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।