#PUNJAB

ਫਿਰ ਤੋਂ ਗੈਂਗਸਟਰਾਂ ਵਿਚਾਲੇ ਵਧਿਆ ਖੂਨੀ ਗੈਂਗਵਾਰ ਦਾ ਖ਼ਤਰਾ

ਅੰਮ੍ਰਿਤਸਰ, 30 ਜੂਨ (ਪੰਜਾਬ ਮੇਲ)- ਪੰਜਾਬ ਵਿਚ ਦੋ ਦਿਨ ਪਹਿਲਾਂ ਬਟਾਲਾ ਇਲਾਕੇ ’ਚ ਹੋਈ ਗੋਲੀਬਾਰੀ ਦੀ ਘਟਨਾ ਨੇ ਫਿਰ ਗੈਂਗਵਾਰ ਦੀ ਅੱਗ ਭੜਕਾ ਦਿੱਤੀ ਹੈ। ਦਰਅਸਲ ਬਟਾਲਾ ਇਲਾਕੇ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਅਤੇ ਉਸ ਦੇ ਬਹੁਤ ਨਜ਼ਦੀਕੀ ਸਾਥੀ ਕਰਨਵੀਰ ਸਿੰਘ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬੰਬੀਹਾ ਗੈਂਗ ਨੇ ਪਹਿਲਾਂ ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਪੋਸਟ ਕਰ ਕੇ ਇਸ ਨੂੰ ਗੋਰੇ ਬਰਿਆਲ ਦੇ ਕਤਲ ਦਾ ਬਦਲਾ ਦੱਸਿਆ ਸੀ ਅਤੇ ਕਿਹਾ ਸੀ ਕਿ ਜੇਕਰ ਭਵਿੱਖ ਵਿਚ ਸਾਡੇ ਕਿਸੇ ਭਰਾ ਦੀ ਬੇਇਨਸਾਫ਼ੀ ਨਾਲ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਭੁਗਤਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਘਟਨਾ ਤੋਂ ਬਾਅਦ ਗੈਂਗਸਟਰ ਜੱਗੂ ਦੇ ਗੈਂਗ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਕਿ ਹੁਣ ਤਾਂ ਹੱਦ ਹੀ ਪਾਰ ਹੋ ਗਈ ਹੈ, ਹੁਣ ਕੋਈ ਸਾਨੂੰ ਗਲਤ ਨਾ ਕਹੇ। ਇਸ ਸ਼ਬਦੀ ਜੰਗ ਤੋਂ ਇਹ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਅਤੇ ਹਰਿਆਣਾ ਵਿਚ ਖੂਨੀ ਗੈਂਗਵਾਰ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਗੈਂਗਾਂ ਦੇ ਵਿਦੇਸ਼ਾਂ ਵਿਚ ਬਹੁਤ ਸਾਰੇ ਗੁਰਗੇ ਹਨ, ਜਿਸ ਕਾਰਨ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਦੇਸ਼ਾਂ ਵਿੱਚ ਵੀ ਇਨ੍ਹਾਂ ਗੈਂਗਾਂ ਵਿਚਕਾਰ ਖੂਨੀ ਜੰਗ ਹੋ ਸਕਦੀ ਹੈ। ਹਾਲਾਂਕਿ, ਪੰਜਾਬ ਪੁਲਸ ਇਸ ’ਤੇ ਵੀ ਕੰਮ ਕਰ ਰਹੀ ਹੈ ਅਤੇ ਇਸਦਾ ਪੂਰਾ ਖੁਫੀਆ ਸਿਸਟਮ ਅਲਰਟ ਮੋਡ ’ਤੇ ਹੈ। ਪੁਲਸ ਆਪਣੇ ਵੱਲੋਂ ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਪਰ ਇਹ ਵੀ ਪਤਾ ਹੈ ਕਿ ਇਹ ਗੈਂਗਸਟਰ ਪੁਲਸ ਕਾਰਵਾਈ ਦੀ ਪ੍ਰਵਾਹ ਕੀਤੇ ਬਿਨਾਂ ਖੁੱਲ੍ਹੇਆਮ ਆਪਣਾ ਕੰਮ ਕਰਦੇ ਰਹੇ ਹਨ, ਭਾਵੇਂ ਇਹ ਕੋਈ ਖੂਨੀ ਕਾਂਡ ਕਰਨਾ ਹੋਵੇ ਜਾਂ ਕਿਸੇ ਮਸ਼ਹੂਰ ਵਿਅਕਤੀ ਦਾ ਕਤਲ?

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਇਸਦੀ ਇੱਕ ਪ੍ਰਮੁੱਖ ਉਦਾਹਰਣ ਹੈ। ਸੋਸ਼ਲ ਮੀਡੀਆ ’ਤੇ ਇਨ੍ਹਾਂ ਦੋ ਪੋਸਟਾਂ ਨੇ ਪੂਰੇ ਪੁਲਸ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲਾਂਕਿ ਜੱਗ ਬਣੀ ਇਨ੍ਹਾਂ ਸਾਰੀਆਂ ਪੋਸਟਾਂ ਦੀ ਪੁਸ਼ਟੀ ਨਹੀਂ ਕਰਦਾ ਹੈ। ਪਰ ਇਹ ਸਪੱਸ਼ਟ ਹੈ ਕਿ ਗੈਂਗਸਟਰਾਂ ਦੀ ਧੜੇਬੰਦੀ ਆਪਣੇ ਸਿਖਰ ’ਤੇ ਪਹੁੰਚ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿਚ ਗੈਂਗਸਟਰ ਜੱਗੂ ਦਾ ਗੈਂਗ ਬੰਬੀਹਾ ਗੈਂਗ ਤੋਂ ਆਪਣੀ ਮਾਂ ਹਰਜੀਤ ਕੌਰ ਅਤੇ ਦੋਸਤ ਕਰਨਬੀਰ ਸਿੰਘ ਦੀ ਮੌਤ ਦਾ ਬਦਲਾ ਜ਼ਰੂਰ ਲਵੇਗਾ।

ਬੰਬੀਹਾ ਗੈਂਗ ਦੇ ਹਰਿਆਣਾ ਦੇ ਗੈਂਗਸਟਰਾਂ ਕੌਸ਼ਲ ਚੌਧਰੀ ਅਤੇ ਪ੍ਰਭੂ ਦਾਸੂਵਾਲ ਨੇ ਬਟਾਲਾ ਵਿਚ ਹੋਈ ਇਸ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਇਸ ਕਰ ਕੇ ਹੁਣ ਹਰਿਆਣਾ ਪੁਲਸ ਵੀ ਅਲਰਟ ਮੋਡ ’ਤੇ ਹੈ ਅਤੇ ਉੱਥੋਂ ਦੀ ਖੁਫੀਆ ਪੁਲਸ ਵੀ ਇਸ ’ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਬੰਬੀਹਾ ਗੈਂਗ ਵੱਲੋਂ ਸੋਸ਼ਲ ਮੀਡੀਆ ’ਤੇ ਦੁਬਾਰਾ ਪਾਈ ਇਕ ਪੋਸਟ ਵਿਚ ਕਿਹਾ ਗਿਆ ਹੈ ਕਿ ਜੱਗੂ ਦੀ ਮਾਂ ਦੀ ਮੌਤ ਗਲਤੀ ਨਾਲ ਹੋ ਗਈ ਸੀ, ਪਰ ਹੁਣ ਗੈਂਗਸਟਰ ਜੱਗੂ ਵੱਲੋਂ ਮੁਆਫ਼ ਕਰਨ ਦੀ ਸੰਭਾਵਨਾ ਬਹੁਤ ਘੱਟ ਪ੍ਰਗਟਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਇਨ੍ਹਾਂ ਗੈਂਗਸਟਰਾਂ ਵਿਚਕਾਰ ਲੜਾਈਆਂ ਅਤੇ ਖੂਨੀ ਵਾਰਦਾਤਾਂ ਹੁੰਦੀਆਂ ਸਨ, ਪਰ ਇਹ ਲੋਕ ਆਪਣੀ ਲੜਾਈ ਦੇ ਵਿਚਕਾਰ ਇੱਕ ਦੂਜੇ ਦੇ ਪਰਿਵਾਰ ਨੂੰ ਨਹੀਂ ਲਿਆਉਂਦੇ ਸਨ, ਭਾਵ ਕਿ ਉਹ ਕਿਸੇ ਦੇ ਪਰਿਵਾਰ ਦੀ ਮੈਂਬਰ ਨੂੰ ਹੱਥ ਵੀ ਨਹੀਂ ਲਾਉਂਦੇ ਸਨ। ਪਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਹੋਣ ਤੋਂ ਬਾਅਦ ਗੈਂਗਸਟਰਾਂ ਵਿਚਕਾਰ ਇਹ ਸਮੀਕਰਨ ਪੂਰੀ ਤਰ੍ਹਾਂ ਨਾਲ ਵਿਗੜ ਗਿਆ ਹੈ।