#AMERICA

ਫਾਊਲਰ ਵਿਖੇ ”25ਵਾਂ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਮੇਲਾ” ਲੱਗਿਆ

”ਗਾਇਕ ਪਵਨਜੋਤ ਯਮਲਾ ਕੈਨੇਡਾ ਤੋਂ ਪਹੁੰਚੇ”
ਫਰਿਜ਼ਨੋ, 5 ਨਵੰਬਰ (ਪੰਜਾਬ ਮੇਲ)- ਪੰਜਾਬੀ ਸੱਭਿਆਚਾਰ ਅਤੇ ਗਾਇਕੀ ਦਾ ਮਾਣ, ਤੂੰਬੀ ਦੇ ਬਾਦਸ਼ਾਹ ਮਰਹੂਮ ਕਲਾਕਾਰ ਉਸਤਾਦ ਲਾਲ ਚੰਦ ਯਮਲਾ ਜੱਟ ਦਾ 25ਵਾਂ ਯਾਦਗਾਰੀ ਮੇਲਾ ਕੈਲੀਫੋਰਨੀਆ ਦੇ ਸ਼ਹਿਰ ਫਾਊਲਰ ਵਿਖੇ ਲਾਇਆ ਗਿਆ। ਜਿਸ ਦੀ ਸ਼ੁਰੂਆਤ ਜਸਵੰਤ ਸਿੰਘ ਮਹਿੰਮੀ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਕੀਤੀ। ਇਸ ਉਪਰੰਤ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ ਉੱਪਰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਹਾਰ ਪਾਉਣ ਦੀ ਰਸਮ ਕੀਤੀ ਗਈ।
ਵਿਸ਼ੇਸ਼ ਤੌਰ ‘ਤੇ ਕੈਨੇਡਾ ਤੋਂ ਆਪਣੀ ਗਾਇਕੀ ਨੂੰ ਉਸਤਾਦ ਲਾਲ ਚੰਦ ਯਮਲਾ ਜੱਟ ਦੀਆਂ ਲੀਹਾਂ ‘ਤੇ ਤੋਰਦੇ ਹੋਏ ਨੌਜਵਾਨ ਗਾਇਕ ਪਵਨਜੋਤ ਯਮਲਾ ਨੇ ਖੁੱਲ੍ਹੇ ਅਖਾੜੇ ਰਾਹੀਂ ਆਪਣੀ ਹਾਜ਼ਰੀ ਭਰੀ ਅਤੇ ਮੇਲੇ ਨੂੰ ਸਫਲ ਬਣਾਉਣ ‘ਤੇ ਵਧਾਈ ਦਿੱਤੀ। ਉਸਤਾਦ ਲਾਲ ਚੰਦ ਯਮਲਾ ਜੱਟ ਕਮੇਟੀ ਵੱਲੋਂ ਪਵਨਜੋਤ ਯਮਲੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਦੌਰਾਨ ਮੇਲਾ ਕਮੇਟੀ ਦੇ ਪ੍ਰੈਜ਼ੀਡੈਂਟ ਰਾਜਿੰਦਰ ਬਰਾੜ, ਉਰਫ ਰਾਜ ਬਰਾੜ ਯਮਲਾ ਨੇ ਸਭ ਨੂੰ ਜੀ ਆਇਆਂ ਕਹਿਣ ਉਪਰੰਤ ਆਪਣੀ ਗਾਇਕੀ ਰਾਹੀ ਖੂਬ ਰੰਗ ਬੰਨ੍ਹੇ। ਗਾਇਕ ਪਵਨਜੋਤ ਯਮਲਾ ਨੇ ਆਪਣੀ ਤੂੰਬੀ ਵਾਲੀ ਗਾਇਕੀ ਵਾਲੇ ਅੰਦਾਜ਼ ਰਾਹੀਂ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਭ ਦੇ ਦਿਲਾਂ ਵਿਚ ਜ਼ਿੰਦਾ ਕਰ ਦਿੱਤਾ। ਸਥਾਨਕ ਕੈਲੀਫੋਰਨੀਆ ਦੇ ਦਿਲਦਾਰ ਬ੍ਰਦਰਜ਼ ਗਰੁੱਪ ਦੇ ਗਾਇਕ ਰਾਣੀ ਗਿੱਲ ਅਤੇ ਕਾਤਾਂ ਸਹੋਤਾ ਨੇ ਆਪਣੇ ਭੰਗੜੇ ਵਾਲੇ ਗੀਤਾਂ ਰਾਹੀਂ ਖੂਬ ਰੌਣਕਾਂ ਲਾਈਆਂ। ਕਮਲਜੀਤ ਬੈਨੀਪਾਲ, ਪਰਗਟ ਜ਼ੀਰਾ ਅਤੇ ਹਰਜੀਤ ਸਿੰਘ ਆਦਿਕ ਨੇ ਯਮਲਾ ਜੀ ਦੇ ਅਤੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਭਰਦੇ ਹੋਏ ਹਾਜ਼ਰੀਨ ਦਾ ਭਰਪੂਰ ਮੰਨੋਰੰਜਨ ਕੀਤਾ।
ਦੋਗਾਣਾ ਗਾਇਕ ਜੋੜੀਆਂ ‘ਚ ਪੱਪੀ ਭਦੌੜ ਅਤੇ ਦਿਲਪ੍ਰੀਤ ਕੌਰ ਦਿਲ ਦੀ ਜੋੜੀ ਨੇ ਪੰਜਾਬੀ ਸੱਭਿਆਚਾਰ ਦੇ ਦੋਗਾਣਾ ਰੰਗ ਨੂੰ ਪੇਸ਼ ਕਰਦੇ ਹੋਏ ਆਪਣੀ ਨੋਕ-ਝੋਕ ਨਾਲ ਸਭ ਦਾ ਦਿਲ ਜਿੱਤਿਆ।
ਇਸ ਸਮੇਂ ਹੋਰ ਬੁਲਾਰਿਆਂ ਵਿਚ ਨਾਜ਼ਰ ਸਿੰਘ ਕੂਨਰ, ਜਗਤਾਰ ਸਿੰਘ ਗਿੱਲ, ਰਾਜਿੰਦਰ ਬਰਾੜ ਅਤੇ ਮਲਕੀਤ ਦਾਖਾ (ਸਾਬਕਾ ਵਿਧਾਇਕ) ਆਦਿਕ ਬਹੁਤ ਸਾਰੇ ਹਾਜ਼ਰੀਨ ਨੇ ਵਿਚਾਰਾਂ ਦੀ ਸਾਂਝ ਪਾਈ।
ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਜਸਵੰਤ ਸਿੰਘ ਮਹਿੰਮੀ ਨੇ ਬਾਖੂਬੀ ਸ਼ਾਇਰਾਨਾ ਅੰਦਾਜ਼ ‘ਚ ਕੀਤਾ। ਹਾਜ਼ਰੀਨ ਲਈ ਚਾਹ-ਪਕੌੜੇ ਆਦਿਕ ਦੇ ਲੰਗਰ ਖੁੱਲ੍ਹੇ ਚੱਲੇ। ਸਮੁੱਚੇ ਪ੍ਰੋਗਰਾਮ ਦੌਰਾਨ ਸੰਗੀਤ ਨਰਿੰਦਰ ਬੱਗਾ, ਅਮਰੀਕ ਮੀਕਾ ਅਤੇ ਸੰਨੀ ਐਂਡ ਪਾਰਟੀ ਵੱਲੋਂ ਦਿੱਤਾ ਗਿਆ।
ਇਸ ਯਾਦਗਾਰੀ ਮੇਲੇ ‘ਚ ਹਾਜ਼ਰ ਸਮੂਹ ਕਲਾਕਾਰਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਅੰਤ ‘ਚ ਮੇਲੇ ਦੇ ਮੁੱਖ ਪ੍ਰਬੰਧਕ ਰਾਜਿੰਦਰ ਸਿੰਘ ਬਰਾੜ ਉਰਫ ਰਾਜ ਬਰਾੜ ਯਮਲੇ ਨੇ ਸਭ ਹਾਜ਼ਰੀਨ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਸਤਾਦ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਅਤੇ ਗੀਤਕਾਰੀ ਨੂੰ ਸਿੱਜਦਾ ਕਰਦੇ ਹੋਏ, ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਮੇਲਾ ਯਾਦਗਾਰੀ ਹੋ ਨਿਬੜਿਆ।