ਨਿਊਯਾਰਕ, 13 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਬੀਤੀਂ ਰਾਤ ਫਲੋਰੀਡਾ ਸੂਬੇ ਦੇ ਲਾਰਗੋ ਸਿਟੀ ਨੇੜੇ ਪਿਨੇਲਸ ਕਾਉਂਟੀ ਵਿਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਚ ਇੱਕ ਭਾਰਤੀ-ਗੁਜਰਾਤੀ ਪਿਤਾ ਅਤੇ ਪੁੱਤਰ ਦੀ ਮੌਤ ਹੋ ਗਈ। 27 ਸਾਲਾ ਪਾਰਥ ਪਟੇਲ, ਜੋ ਕਿ ਓਹਾਇਓ ਰਾਜ ਤੋਂ ਫਲੋਰੀਡਾ ਵਿਚ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ, ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ। ਇਸ ਦੌਰਾਨ ਆਪਣੇ ਪਿਤਾ ਹਿਤੇਸ਼ ਪਟੇਲ (55) ਦੁਆਰਾ ਕੀਤੀ ਗਈ ਇੱਕ ਆਮ ਟਿੱਪਣੀ ਤੋਂ ਭੜਕੇ ਹੋਏ ਪੁੱਤਰ ਪਾਰਥ ਪਟੇਲ ਨੇ ਆਪਣੇ ਪਿਤਾ ‘ਤੇ ਗੋਲੀਬਾਰੀ ਕੀਤੀ ਅਤੇ ਫਿਰ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਆਪਣੀ ਜਾਨ ਲੈ ਲਈ। ਪਿਨੇਲਸ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਲਾਰਗੋ ਨੇੜੇ ਹੋਈ ਗੋਲੀਬਾਰੀ ਵਿਚ ਦੋ ਮ੍ਰਿਤਕਾਂ ਦੀ ਪਛਾਣ ਜਾਰੀ ਕੀਤੀ ਹੈ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ ਪਿਤਾ ਅਤੇ ਪੁੱਤਰ ਸਨ, ਜਿਸ ਵਿਚ ਪੁੱਤਰ ਦਾ ਨਾਮ ਪਾਰਥ ਪਟੇਲ ਦੱਸਿਆ ਗਿਆ ਹੈ, ਜਦੋਂਕਿ ਪਿਤਾ ਦਾ ਨਾਮ ਹਿਤੇਸ਼ ਪਟੇਲ ਦੱਸਿਆ ਗਿਆ ਹੈ। ਜਦੋਂ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ, ਤਾਂ ਪਾਰਥ ਪਟੇਲ ਅਤੇ ਉਸ ਦੇ ਪਿਤਾ ਖੂਨ ਨਾਲ ਲੱਥਪੱਥ ਹਾਲਤ ਵਿਚ ਉੱਥੇ ਪਏ ਸਨ। ਆਪਣੇ ਆਪ ਨੂੰ ਗੋਲੀ ਮਾਰਨ ਨਾਲ ਪਾਰਥ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਉਸ ਦਾ ਪਿਤਾ ਅਜੇ ਵੀ ਸਾਹ ਲੈ ਰਿਹਾ ਸੀ। ਪੁਲਿਸ ਨੇ ਹਿਤੇਸ਼ ਪਟੇਲ ਨੂੰ ਗੰਭੀਰ ਹਾਲਤ ਵਿਚ ਨੇੜਲੇ ਹਸਪਤਾਲ ਪਹੁੰਚਾਇਆ ਪਰ ਥੋੜ੍ਹੀ ਦੇਰ ਬਾਅਦ ਉਸਦੀ ਵੀ ਮੌਤ ਹੋ ਗਈ। ਮਾਮਲੇ ਦੀ ਸ਼ੁਰੂਆਤੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਪਾਰਥ ਪਟੇਲ ਡਬਲਿਨ, ਓਹਾਇਓ ਵਿਚ ਰਹਿੰਦਾ ਸੀ ਅਤੇ ਉਸ ਨੂੰ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਸਨ, ਜਿਸ ਲਈ ਉਸਦਾ ਇਲਾਜ ਚੱਲ ਰਿਹਾ ਸੀ। ਪਾਰਥ ਫਲੋਰੀਡਾ ‘ਚ ਆਪਣੇ ਮਾਪਿਆਂ ਨੂੰ ਮਿਲਣ ਆਇਆ ਸੀ, ਪਰ ਆਪਣੇ ਦੀ ਕਿਸੇ ਗੱਲ ‘ਤੇ ਪਾਰਥ ਭੜਕ ਗਿਆ। ਪਿਤਾ ਅਤੇ ਪੁੱਤਰ ਵਿਚਕਾਰ ਬਹਿਸ ਵੱਧ ਗਈ ਅਤੇ ਪਾਰਥ ਨੇ ਆਪਣੇ ਰਿਵਾਲਵਰ ਨਾਲ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਵਿਚ ਖੁਦ ਨੂੰ ਵੀ ਗੋਲੀ ਮਾਰ ਲਈ।
ਫਲੋਰੀਡਾ ‘ਚ ਪਿਉ ਨੂੰ ਗੋਲ਼ੀ ਮਾਰਨ ਤੋਂ ਬਾਅਦ ਪੁੱਤ ਨੇ ਖੁਦ ਨੂੰ ਵੀ ਗੋਲ਼ੀ ਮਾਰੀ

