ਟੋਰਾਂਟੋ, 13 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਮਿਸੀਸਾਗਾ ਵਿਚ ਵਾਹਨ ਚੋਰੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੀਲ ਰੀਜਨਲ ਪੁਲਿਸ ਨੇ ”ਪ੍ਰੋਜੈਕਟ ਟੇਲ ਲਾਈਟ” ਤਹਿਤ ਦੂਜੇ ਸ਼ੱਕੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ 23 ਸਾਲਾ ਗੁਰਜੀਤ ਸਿੰਘ ਵਿਰਕ ਨੇ ਖੁਦ ਪੁਲਿਸ ਅੱਗੇ ਸਰੈਂਡਰ ਕੀਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਮਈ 2026 ਦੌਰਾਨ ਮਿਸੀਸਾਗਾ ਦੇ ਹੂਰੋਨਟਾਰੀਓ ਸਟ੍ਰੀਟ ਅਤੇ ਬਰਨਹੈਮਥੋਰਪ ਰੋਡ ਈਸਟ ਇਲਾਕੇ ਦੀਆਂ ਅੰਡਰਗ੍ਰਾਊਂਡ ਪਾਰਕਿੰਗਾਂ ਵਿਚ ਕਈ ਵਾਹਨ ਚੋਰੀ ਅਤੇ ਚੋਰੀ ਦੀਆਂ ਕੋਸ਼ਿਸ਼ਾਂ ਹੋਈਆਂ ਸਨ। ਇਸ ਤੋਂ ਬਾਅਦ ਸ਼ੁਰੂ ਕੀਤੀ ਗਈ ਜਾਂਚ ਵਿਚ ਦੋ ਸ਼ੱਕੀਆਂ ਦੀ ਪਛਾਣ ਕੀਤੀ ਗਈ।
ਇਸ ਮਾਮਲੇ ਵਿਚ ਪਹਿਲਾਂ ਹੀ 21 ਸਾਲਾ ਪ੍ਰਿੰਸ ਨੂੰ 22 ਅਪਰਾਧਿਕ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੁਣ ਗੁਰਜੀਤ ਸਿੰਘ ਵਿਰਕ ‘ਤੇ ਵੀ ਵਾਹਨ ਚੋਰੀ, ਰਿਹਾਈ ਦੇ ਹੁਕਮ ਦੀ ਉਲੰਘਣਾ, ਚੋਰੀ ਲਈ ਵਰਤੇ ਜਾਣ ਵਾਲੇ ਸੰਦ ਰੱਖਣ, 5,000 ਡਾਲਰ ਤੋਂ ਵੱਧ ਅਤੇ ਘੱਟ ਮੁੱਲ ਦੀ ਚੋਰੀ ਅਤੇ ਧੋਖਾਧੜੀ ਸਮੇਤ ਕਈ ਦੋਸ਼ ਲਗਾਏ ਗਏ ਹਨ।
ਜਾਂਚ ਦੌਰਾਨ ਪੁਲਿਸ ਨੇ ਛਾਪਿਆਂ ਵਿਚ ਮੋਬਾਈਲ ਫੋਨ, ਕੀ-ਫੌਬ, ਵਾਹਨਾਂ ਦੀਆਂ ਚਾਬੀਆਂ ਪ੍ਰੋਗਰਾਮ ਕਰਨ ਵਾਲੇ ਉਪਕਰਨ, ਵਾਹਨਾਂ ਨਾਲ ਸਬੰਧਤ ਦਸਤਾਵੇਜ਼ ਅਤੇ ਨਕਦੀ ਵੀ ਬਰਾਮਦ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਹੋਰ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਗੁਰਜੀਤ ਸਿੰਘ ਵਿਰਕ ਅਤੇ ਦੂਜੇ ਮੁਲਜ਼ਮਾਂ ਵਿਰੁੱਧ ਦੋਸ਼ ਲਗਾਏ ਗਏ ਹਨ। ਅਦਾਲਤ ਵਿਚ ਦੋਸ਼ ਸਾਬਤ ਹੋਣ ਤੱਕ ਉਨ੍ਹਾਂ ਨੂੰ ਕਾਨੂੰਨੀ ਤੌਰ ‘ਤੇ ਦੋਸ਼ੀ ਨਹੀਂ ਮੰਨਿਆ ਜਾਂਦਾ।
ਮਿਸੀਸਾਗਾ ‘ਚ ਵਾਹਨ ਚੋਰੀ ਗਿਰੋਹ ਖ਼ਿਲਾਫ਼ ਕਾਰਵਾਈ, ਪੰਜਾਬੀ ਨੌਜਵਾਨ ਨੇ ਪੁਲਿਸ ਅੱਗੇ ਕੀਤਾ ਸਰੈਂਡਰ

