ਬਰਮਿੰਘਮ, 13 ਜੁਲਾਈ (ਪੰਜਾਬ ਮੇਲ)- ਯੂ.ਕੇ. ਵਸਦੇ ਸ਼੍ਰੀਮਤੀ ਸੁਨੀਤਾ ਮਹਿਮੀ ਤੇ ਉਨ੍ਹਾਂ ਦੇ ਪਤੀ ਮੁਕੇਸ਼ ਮਹਿਮੀ ਜੋੜੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਰਮਿੰਘਮ ਯੂਨੀਵਰਸਿਟੀ ਵਿਖੇ ਪੰਜਵਾਂ ਯੂ.ਕੇ. ਇੰਟਰਨੈਸ਼ਨਲ ਗਿੱਧਾ ਕੰਪੀਟੀਸ਼ਨ 2026 ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਗਿੱਧੇ ਦੇ ਇਨ੍ਹਾਂ ਮਹਾਂ-ਮੁਕਾਬਲਿਆਂ ਵਿਚ ਵੱਖ-ਵੱਖ 11 ਟੀਮਾਂ ਨੇ ਆਪਣੀ ਰਵਾਇਤੀ ਪੇਸ਼ਕਾਰੀ ਦੇ ਬਿਹਤਰੀਨ ਜੌਹਰ ਦਿਖਾਏ। ਇਸ ਵਾਰ ਇਹ ਮੁਕਾਬਲਾ ਦੋ ਸ਼੍ਰੇਣੀਆਂ (ਲਾਈਵ ਅਤੇ ਪ੍ਰੀ-ਰਿਕਾਰਡਿਡ ਗਿੱਧਾ) ਵਿਚ ਕਰਵਾਇਆ ਗਿਆ। ਪ੍ਰੀ-ਰਿਕਾਰਡਿਡ ਗਿੱਧੇ ਵਿਚ ‘ਵਿਰਾਸਤ ਰਗਬੀ’ ਨੇ ਪਹਿਲਾ, ‘ਗੂੰਜ ਪੰਜਾਬ ਦੀ’ ਨੇ ਦੂਜਾ, ਜਦਕਿ ‘ਆਪਣਾ ਵਿਰਸਾ’ ਅਤੇ ‘ਸ਼ਾਨ-ਏ-ਪੰਜਾਬ’ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ। ਲਾਈਵ ਗਿੱਧਾ ਸ਼੍ਰੇਣੀ ਮੁਕਾਬਲੇ ਵਿਚ ‘ਸਿਟੀ ਗਿੱਧਾ’ ਨੇ ਪਹਿਲਾ, ‘ਫੋਕ ਰੰਗ’ ਨੇ ਦੂਜਾ ਅਤੇ ‘ਚਕੋਰ’ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਮੁਕੇਸ਼ ਅਤੇ ਸੁਨੀਤ ਦੀ ਅਗਵਾਈ ਵਿਚ ਕੀਤੇ ਗਏ ਇਸ ਵੱਡੇ ਸਮਾਗਮ ਦੀ ਹਰ ਪਾਸੇ ਭਰਪੂਰ ਸ਼ਲਾਘਾ ਹੋ ਰਹੀ ਹੈ। ਇਸ ਸੰਬੰਧੀ ਗੱਲਬਾਤ ਦੌਰਾਨ ਸੁਨੀਤਾ ਮਹਿਮੀ ਨੇ ਕਿਹਾ ਕਿ ਸਾਨੂੰ ਸਾਡੀ ਮਾਂ ਬੋਲੀ, ਵਿਰਸੇ ਨੇ ਬਹੁਤ ਕੁੱਝ ਦਿੱਤਾ ਹੈ, ਇਹ ਉਪਰਾਲਾ ਸਿਰਫ ਉਸ ਕਰਜ਼ ਦਾ ਵਿਆਜ ਮੋੜਨ ਮਾਤਰ ਹੀ ਹੈ। ਰਵਾਇਤੀ ਗਿੱਧੇ ਦੀ ਸ਼ਾਨ ਬਰਕਰਾਰ ਰੱਖਣ ਤੇ ਸ਼ਾਨ ‘ਚ ਵਾਧਾ ਕਰਨ ਲਈ ਉਹ ਆਖਰੀ ਸਾਹ ਤੱਕ ਉਪਰਾਲੇ ਕਰਦੇ ਰਹਿਣਗੇ।
ਬਰਮਿੰਘਮ ਯੂਨੀਵਰਸਿਟੀ ਵਿਖੇ 5ਵਾਂ ਯੂ.ਕੇ. ਇੰਟਰਨੈਸ਼ਨਲ ਗਿੱਧਾ ਕੰਪੀਟੀਸ਼ਨ 2026 ਕਰਵਾਇਆ ਗਿਆ

