#AMERICA

ਫਲੋਰੀਡਾ ‘ਚ ਗੈਰ-ਕਾਨੂੰਨੀ ਅਪਰਾਧਿਕ ਇਮੀਗ੍ਰਾਂਟਸ ਲਈ ਫਿਰ ਖੁੱਲ੍ਹੇਗੀ ‘ਐਲੀਗੇਟਰ ਅਲਕਾਟਰਾਜ਼’ ਜੇਲ੍ਹ

ਸਾਨ ਫਰਾਂਸਿਸਕੋ, 26 ਜੂਨ (ਪੰਜਾਬ ਮੇਲ)- ਟਰੰਪ ਦੇ ਰਿਪਬਲੀਕਨ ਸੂਬੇ ਫਲੋਰੀਡਾ ‘ਚ ਬੰਦ ਪਈ ਇਕ ਕਾਲੇ ਪਾਣੀ ਵਰਗੀ ਜੇਲ੍ਹ ਨੂੰ ਗੈਰ-ਕਾਨੂੰਨੀ ਅਪਰਾਧਿਕ ਲੋਕਾਂ ਨੂੰ ਰੱਖਣ ਲਈ 1000 ਬੈੱਡਾਂ ਦੀ ਸਹੂਲਤ ਵਾਲੀ ਇਮਾਰਤ ਨੂੰ ਮੁੜ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਇਮਾਰਤ ਦੁਆਲੇ ਇਕੱਤਰ ਪਾਣੀ ‘ਚ ਖੂੰਖਾਰ ਮੱਗਰਮੱਛਾਂ ਤੋਂ ਇਲਾਵਾ ਖਤਰਨਾਕ ਅਜਗਰ, ਐਨਾਕੌਂਡਾ ਸੱਪ ਵੱਡੀ ਗਿਣਤੀ ‘ਚ ਰਹਿੰਦੇ ਹਨ।
ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਨੇ ਇਸੇ ਹਵਾਲੇ ਵਿਚ ਕਿਹਾ ਕਿ ਸੰਘੀ ਸਰਕਾਰ ਫਲੋਰੀਡਾ ਵੱਲੋਂ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਸਥਾਪਤ ਕਰਨ ਦੇ ਯਤਨਾਂ ਨੂੰ ਫੰਡ ਦੇਵੇਗੀ, ਜਿਸ ਵਿਚ ਐਵਰਗਲੇਡਜ਼ ਵਿਚ ਇਕ ਪ੍ਰਸਤਾਵਿਤ ਸਾਈਟ ਸ਼ਾਮਲ ਹੈ, ਜਿਸ ਨੂੰ ਰਾਜ ਦੇ ਅਧਿਕਾਰੀਆਂ ਨੇ ‘ਐਲੀਗੇਟਰ ਅਲਕਾਟਰਾਜ਼’ (ਮਗਰਮੱਛਾਂ ਦੀ ਬਰਫੀਲੀ ਥਾਂ) ਕਿਹਾ ਹੈ। ਨੋਏਮ ਨੇ ਕਿਹਾ ਕਿ ਫਲੋਰੀਡਾ ਵਿਚ ਨਜ਼ਰਬੰਦੀ ਸਹੂਲਤਾਂ ਨੂੰ ਵੱਡੇ ਪੱਧਰ ‘ਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਆਸਰਾ ਤੇ ਸੇਵਾਵਾਂ ਪ੍ਰੋਗਰਾਮ ਦੁਆਰਾ ਫੰਡ ਦਿੱਤਾ ਜਾਵੇਗਾ, ਇਹ ਇਕ ਪਹਿਲ ਹੈ, ਜੋ ਕਾਂਗਰਸ ਦੁਆਰਾ ਅਮਰੀਕਾ-ਮੈਕਸੀਕੋ ਸਰਹੱਦ ਦੇ ਨਾਲ ਸੰਘੀ ਹਿਰਾਸਤ ਤੋਂ ਰਿਹਾਅ ਹੋਏ ਪ੍ਰਵਾਸੀਆਂ ਤੇ ਸ਼ਰਨ ਮੰਗਣ ਵਾਲਿਆਂ ਨੂੰ ਸੰਭਾਲਣ ਵਾਲੇ ਸ਼ਹਿਰਾਂ ਦਾ ਸਮਰਥਨ ਕਰਨ ਲਈ ਬਣਾਈ ਗਈ ਹੈ। ਫਲੋਰੀਡਾ ਦੇ ਅਟਾਰਨੀ ਜਨਰਲ ਜੇਮਜ਼ ਉਥਮੀਅਰ ਨੇ ਕਿਹਾ ਕਿ ਐਵਰਗਲੇਡਜ਼ ਵਿਚ ਬਣਾਏ ਗਏ ਵਿਸ਼ਾਲ ਏਅਰਫੀਲਡ ਨੂੰ ਅਪਰਾਧਿਕ ਰਿਕਾਰਡਾਂ ਵਾਲੇ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਰੱਖਣ ਲਈ ਇਕ ਨਜ਼ਰਬੰਦੀ ਸਹੂਲਤ ਵਜੋਂ ਦੁਬਾਰਾ ਵਰਤਿਆ ਜਾਵੇਗਾ। ਉਸਨੇ ਇਸਨੂੰ ‘ਐਲੀਗੇਟਰ ਅਲਕਾਟਰਾਜ਼’ ਦਾ ਨਾਂ ਦਿੱਤਾ, ਇਹ ਕਹਿੰਦੇ ਹੋਏ ਕਿ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਕੈਦੀ ਨੂੰ ਇਸ ਥਾਂ ਦੇ ਆਲੇ-ਦੁਆਲੇ ਦੇ ਗਿੱਲੇ ਇਲਾਕਿਆਂ ਵਿਚ ਮਗਰਮੱਛਾਂ ਤੇ ਅਜਗਰਾਂ ਦਾ ਸਾਹਮਣਾ ਕਰਨਾ ਪਵੇਗਾ। ਉਥਮੀਅਰ ਨੇ ਐਲਾਨ ਕੀਤਾ ਕਿ ਸੰਘੀ ਸਰਕਾਰ ਨੇ ‘ਐਲੀਗੇਟਰ ਅਲਕਾਟਰਾਜ਼’ ਤੇ ਹੋਰ ਸਹੂਲਤਾਂ ਬਣਾਉਣ ਦੀ ਰਾਜ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਥੇ 5,000 ਕੈਦੀਆਂ ਨੂੰ ਇਕੱਠਿਆਂ ਰੱਖਿਆ ਜਾ ਸਕਦਾ ਹੈ, ਜਿਸਨੂੰ ਜੁਲਾਈ ਮਹੀਨੇ ਦੇ ਸ਼ੁਰੂ ਵਿਚ ਸ਼ੁਰੂ ਕੀਤਾ ਜਾ ਸਕਦਾ ਹੈ।