-ਗੰਭੀਰ ਦੋਸ਼ਾਂ ਤਹਿਤ ਔਰਤ ਗ੍ਰਿਫਤਾਰ
ਸੈਕਰਾਮੈਂਟੋ, 22 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਲੋਰਿਡਾ ਦੀ ਇਕ ਔਰਤ ਨੂੰ 10 ਸਾਲ ਦੀ ਬੱਚੀ ਦੀ ਮੌਤ ਦੇ ਮਾਮਲੇ ਵਿਚ ਹੱਤਿਆ ਦੇ ਗੰਭੀਰ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਬੇਕਰ ਕਾਊਂਟੀ ਸ਼ੈਰਿਫ ਦਫਤਰ ਦੀ ਗ੍ਰਿਫਤਾਰੀ ਰਿਪੋਰਟ ਅਨੁਸਾਰ ਇਕ 10 ਸਾਲ ਦੀ ਬੱਚੀ, ਜਿਸ ਨੂੰ ਇਹ ਔਰਤ ਆਪਣੇ ਨਾਲ ਲੈ ਕੇ ਗਈ ਸੀ, ਇਕ ਕਾਰ ਵਿਚੋਂ ਬੇਸੁੱਧ ਹਾਲਤ ਵਿਚ ਮਿਲੀ ਸੀ, ਜਿਸ ਕਾਰ ਦਾ ਅੰਦਰਲਾ ਤਾਪਮਾਨ 133 ਡਿਗਰੀ ਤੋਂ ਵਧ ਸੀ। ਰਿਪੋਰਟ ਅਨੁਸਾਰ ਰੌਂਡਾ ਜੈਵਲ ਨਾਮੀ ਔਰਤ ਵਿਰੁੱਧ ਦੋਸ਼ ਹੈ ਕਿ ਉਸ ਨੇ ਬੱਚੀ ਨੂੰ ਘੱਟੋ-ਘੱਟ 5 ਘੰਟੇ ਇਕ ਕਾਰ ‘ਚ ਬੰਦ ਰੱਖਿਆ, ਜਿਸ ਕਾਰਨ ਉਸ ਦੀ ਗਰਮੀ ਤੇ ਘੁਟਣ ਕਾਰਨ ਮੌਤ ਹੋ ਗਈ। ਰਿਪੋਰਟ ਅਨੁਸਾਰ ਜੈਵਲ ਨੇ 10 ਸਾਲ ਦੀ ਬੱਚੇ ਸਮੇਤ 3 ਹੋਰ ਬੱਚਿਆਂ ਨਾਲ ਸਮਾਂ ਬਿਤਾਉਣਾ ਸੀ। ਉਸ ਨੇ ਬੱਚੀ ਨੂੰ ਉਸ ਦੇ ਮਾਪਿਆਂ ਦੇ ਘਰੋਂ ਲਿਆ ਤੇ ਦੂਸਰੀ ਜਗਾ ‘ਤੇ ਚਲੀ ਗਈ, ਜਿਥੇ 3 ਹੋਰ ਬੱਚੇ ਮੌਜੂਦ ਸਨ। ਜੈਵਲ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਦੂਸਰੀ ਜਗਾ ‘ਤੇ ਪੁੱਜੀ, ਤਾਂ ਉਸ ਨੇ ਸਮਝਿਆ ਕਿ ਬੱਚੀ ਸੌਂ ਗਈ ਹੈ ਤੇ ਉਹ ਉਸ ਨੂੰ ਕਾਰ ਵਿਚ ਛੱਡ ਕੇ ਘਰ ਦੇ ਅੰਦਰ ਚਲੀ ਗਈ। ਉਹ ਦੂਸਰੇ ਬੱਚਿਆਂ ਨਾਲ ਗੱਲਾਂਬਾਤਾਂ ਵਿਚ ਏਨਾ ਰੁੱਝ ਗਈ ਕਿ ਬੱਚੀ ਨੂੰ ਭੱਲ ਗਈ। ਬੱਚੀ ਦੀ ਮਾਂ ਜਦੋਂ ਉਸ ਨੂੰ ਲੈਣ ਗਈ, ਤਾਂ ਉਸ ਨੇ ਵੇਖਿਆ ਕਿ ਉਸ ਦੀ ਬੱਚੀ ਅੱਤ ਦੀ ਗਰਮੀ ਵਿਚ ਕਾਰ ਵਿਚ ਬੰਦ ਹੈ। ਬੱਚੀ ਨੂੰ ਕਾਰ ਵਿਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੈਡੀਕਲ ਸਟਾਫ ਅਨੁਸਾਰ ਬੱਚੀ ਦਾ ਅੰਦਰਲਾ ਤਾਪਮਾਨ 110 ਡਿਗਰੀ ਫਾਰਨਹੀਟ ਸੀ ਤੇ ਉਸ ਦੀ ਚਮੜੀ ਬਹੁਤ ਗਰਮ ਸੀ। ਜੈਵਲ ਨੂੰ ਗ੍ਰਿਫਤਾਰ ਕਰਕੇ ਬੇਕਰ ਕਾਊਂਟੀ ਡਿਟੈਨਸ਼ਨ ਸੈਂਟਰ ‘ਚ ਲਿਜਾਇਆ ਗਿਆ ਹੈ।