#AMERICA

ਫਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 29ਵੀਂ ਬਰਸੀ ਮੌਕੇ ਮਨਾਇਆ ਗਿਆ ਮਨੁੱਖੀ ਅਧਿਕਾਰ ਦਿਵਸ

ਫਰਿਜ਼ਨੋ, 25 ਸਤੰਬਰ (ਪੰਜਾਬ ਮੇਲ)- ਫਰਿਜ਼ਨੋ ਵਿਖੇ ਸ. ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਬਣੇ ਖਾਲੜਾ ਪਾਰਕ ਵਿਚ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਇੰਡੋ-ਯੂ.ਐੱਸ. ਹੈਰੀਟੇਜ਼ ਦੇ ਸਹਿਯੋਗ ਨਾਲ ਤੇ ਜੈਕਾਰਾ ਮੂਵਮਿੰਟ ਦੇ ਨੌਜਵਾਨਾਂ ਦੇ ਉੱਦਮ ਸਦਕੇ ਇੱਕ ਵਿਸ਼ੇਸ਼ ਸਮਾਗਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 29ਵੀਂ ਬਰਸੀ ਨੂੰ ਮੁੱਖ ਰੱਖਕੇ ਕਰਵਾਇਆ ਗਿਆ। ਇਸ ਮੌਕੇ ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ, ਉਥੇ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਅਤੇ 911 ਦੀ 23ਵੀਂ ਬਰਸੀ ਮੌਕੇ ਅਮਰੀਕਾ ਵਿਚ ਅੱਤਵਾਦੀ ਹਮਲੇ ਵਿਚ ਮਾਰੇ ਗਏ ਤਿੰਨ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ ਕੁਲਵੰਤ ਸਿੰਘ ਖਹਿਰਾ ਨੇ ਸੁਖਮਨੀ ਸਹਿਬ ਦੇ ਪਾਠ ਕਰਕੇ ਕੀਤੀ। ਉਪਰੰਤ ਅਮੈਰੀਕਨ ਫਲੈਗ ਨੂੰ ਸਲਿਊਟ ਕੀਤਾ ਗਿਆ। ਪਿੱਛੋਂ ਸਟੇਜ ਦੀ ਸ਼ੁਰੂਆਤ ਰਾਜ ਸਿੱਧੂ ਮੋਗਾ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਆਖਕੇ ਕੀਤੀ। ਉਪਰੰਤ ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਕੀਤਾ। ਇਸ ਪਿੱਛੋਂ ਗਾਇਕ ਰਾਜ ਬਰਾੜ ਨੇ ਧਾਰਮਿਕ ਗੀਤ ਨਾਲ ਸਟੇਜ ਨੂੰ ਅੱਗੇ ਤੋਰਿਆ। ਗਾਇਕ ਪੱਪੀ ਭਦੌੜ, ਕਮਲਜੀਤ ਬੈਨੀਪਾਲ, ਜੋਤ ਰਣਜੀਤ ਕੌਰ ਅਤੇ ਜਗਦੇਵ ਸਿੰਘ ਧੰਜਲ ਨੇ ਇਨਕਲਾਬੀ ਗੀਤਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਵਿਚ ਪ੍ਰਵੀਨ ਕੁਮਾਰ ਸ਼ਰਮਾ, ਪਰਮਪਾਲ ਸਿੰਘ, ਮਲਕੀਤ ਸਿੰਘ ਕਿੰਗਰਾ, ਹਰਨੇਕ ਸਿੰਘ ਲੋਹਗੜ, ਸੁਰਿੰਦਰ ਮੰਡਾਲੀ, ਕਾਕਾ ਏਕਨੂਰ ਸਿੰਘ ਬੇਕਰਸਫੀਲਡ, ਸੁਖਦੇਵ ਸਿੰਘ ਸਿੱਧੂ, ਨੈਣਦੀਪ ਸਿੰਘ ਚੰਨ, ਰਣਜੀਤ ਗਿੱਲ, ਸਰਬਜੀਤ ਸਿੰਘ, ਸਾਧੂ ਸਿੰਘ ਸੰਘਾ ਅਤੇ ਨਿਰਮਲ ਸਿੰਘ ਧਨੌਲਾ ਆਦਿ ਨੇ ਸਟੇਜ ਤੋਂ ਹਾਜ਼ਰੀ ਭਰੀ। ਇਸ ਮੌਕੇ ਕਾਂਗਰਸ ਲਈ ਰਨ ਕਰ ਰਹੇ ਮਾਇਕਲ ਮਾਹਿਰ ਨੇ ਵੀ ਖਾਲੜਾ ਸਾਹਿਬ ਨੂੰ ਯਾਦ ਕੀਤਾ ਅਤੇ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ।
ਇਸ ਮੌਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਉਨ੍ਹਾਂ ਦੀ ਬੇਟੀ ਬੀਬੀ ਨਵਕਿਰਨ ਕੌਰ ਖਾਲੜਾ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ। ਉਨ੍ਹਾਂ ਵੀ ਆਪਣੇ ਵਿਚਾਰ ਰੱਖੇ ਤੇ ਇਸ ਦੌਰਾਨ ਬਾਬਿਆਂ ਦੀ ਪਾਰਕ ਵਾਲੀ ਕਮੇਟੀ ਵੱਲੋਂ ਉਨ੍ਹਾਂ ਨੂੰ ਸ਼ਾਲ ਦੇ ਕੇ ਨਿਵਾਜਿਆ ਗਿਆ। ਜੋਤ ਰਣਜੀਤ ਕੌਰ, ਪੱਤਰਕਾਰ ਨੀਟਾ ਮਾਛੀਕੇ, ਦਿਲਬੀਰ ਸਿੰਘ ਗਿੱਲ, ਅਮਰੀਕ ਸਿੰਘ, ਸਰਪੰਚ ਅਵਤਾਰ ਸਿੰਘ ਆਦਿ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਿਰੋਪਾਓ ਦਿੱਤੇ ਗਏ।
ਇਸ ਮੌਕੇ ਹਾਕਮ ਸਿੰਘ ਢਿੱਲੋਂ, ਜਸਪਾਲ ਸਿੰਘ ਬਿਲਾਸਪੁਰ, ਭਰਪੂਰ ਸਿੰਘ ਬਰਾੜ, ਅਮਰਜੀਤ ਸਿੰਘ ਦੌਧਰ, ਰਾਜਪਾਲ ਸਿੰਘ ਬੇਕਰਸਫੀਲਡ, ਸੁਰਿੰਦਰ ਸਿੰਘ ਬੇਕਰਸਫੀਲਡ ਅਤੇ ਕਲੋਵਿਸ ਪਾਰਕ ਵਾਲੇ ਸੱਜਣਾਂ ਦੀ ਮਜੂਦਗੀ ਵੀ ਅਹਿਮ ਰਹੀ।