* 3 ਬੱਚਿਆਂ ਨੂੰ ਨਦੀ ‘ਚ ਡੁੱਬਣੋਂ ਬਚਾਉਣ ਲਈ ਦਿਖਾਈ ਸੀ ਬੇਮਿਸਾਲ ਬਹਾਦਰੀ
ਸਾਨ ਫਰਾਂਸਿਸਕੋ, 29 ਜੂਨ (ਪੰਜਾਬ ਮੇਲ)- ਕੁਝ ਸਮਾਂ ਪਹਿਲਾਂ ਫਰਿਜ਼ਨੋ ਦੀ ਇਕ ਨਦੀ ‘ਚ ਰੁੜ੍ਹਦੇ ਜਾ ਰਹੇ ਤਿੰਨ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਪ੍ਰਵਾਸੀ ਪੰਜਾਬੀ ਸਿੱਖ ਨੌਜਵਾਨ ਮਨਜੀਤ ਸਿੰਘ (29) ਨੇ ਆਪਣੀ ਜਾਨ ਗੁਆ ਲਈ ਸੀ। ਸਾਲ 2020 ‘ਚ ਕਿੰਗਜ਼ ਰਿਵਰ ਵਿਚ ਤਿੰਨ ਬੱਚਿਆਂ ਨੂੰ ਡੁੱਬਣ ਤੋਂ ਬਚਾਉਣ ਦੀ ਕੋਸ਼ਿਸ਼ ਵਿਚ ਫਰਿਜ਼ਨੋ ਦੇ ਵਸਨੀਕ ਮਨਜੀਤ ਸਿੰਘ ਨੂੰ ਮਰਨ ਉਪਰੰਤ ਬਹਾਦਰੀ ਪੁਰਸਕਾਰ ‘ਕਾਰਨੇਗੀ ਮੈਡਲ’ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਇਨ੍ਹਾਂ ਵਿਚੋਂ ਦੋ ਬੱਚੇ ਉਸ ਨੇ ਸੁਰੱਖਿਅਤ ਥਾਂ ‘ਤੇ ਪਹੁੰਚਾ ਦਿੱਤੇ ਪਰ ਤੀਜੇ ਨੂੰ ਉਹ ਕਿਨਾਰੇ ਨਹੀਂ ਪਹੁੰਚਾ ਸਕਿਆ। ਉਸ ਨੂੰ ਕਰੀਬ 15 ਮਿੰਟ ਬਾਅਦ ਪਾਣੀ ਵਿਚੋਂ ਬਾਹਰ ਕੱਢਿਆ ਗਿਆ ਅਤੇ ਬਾਅਦ ਵਿਚ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਮਨਜੀਤ ਸਿੰਘ ਕਿਨਾਰੇ ਤੋਂ ਬਹੁਤ ਦੂਰ ਮ੍ਰਿਤਕ ਪਾਇਆ ਗਿਆ ਸੀ। ਕਾਰਨੇਗੀ ਮੈਡਲ ਪੂਰੇ ਅਮਰੀਕਾ ਅਤੇ ਕੈਨੇਡਾ ਵਿਚ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਦੂਜਿਆਂ ਦੀਆਂ ਜਾਨਾਂ ਬਚਾਉਂਦੇ ਹਨ ਜਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਜ਼ਿਆਦਾ ਖਤਰਾ ਝੱਲਦੇ ਹਨ। ਮਨਜੀਤ ਸਿੰਘ 2018 ਵਿਚ ਭਾਰਤ ਤੋਂ ਅਮਰੀਕਾ ਆਇਆ ਸੀ ਅਤੇ ਇਕ ਟਰੱਕਿੰਗ ਕਾਰੋਬਾਰ ਸ਼ੁਰੂ ਕਰਨ ਲਈ ਫਰਿਜ਼ਨੋ ਚਲਾ ਗਿਆ ਸੀ। ਮਨਜੀਤ ਸਿੰਘ ਸਨਮਾਨ ਪ੍ਰਾਪਤ ਕਰਨ ਵਾਲੇ 16 ਵਿਅਕਤੀਆਂ ਵਿਚੋਂ ਇਕ ਹੈ।