#AMERICA

ਫਰਿਜ਼ਨੋ ‘ਚ 22 ਜੂਨ ਤੋਂ ਲਾਪਤਾ ਪੰਜਾਬੀ ਕਾਰੋਬਾਰੀ ਦੀ ਮਿਲੀ ਲਾਸ਼

ਫਰਿਜ਼ਨੋ, 21 ਜੁਲਾਈ (ਮਾਛੀਕੇ/ਪੰਜਾਬ ਮੇਲ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਿਸ ਨਿਵਾਸੀ ਅਤੇ ਕਾਰੋਬਾਰੀ ਸੁਰਿੰਦਰ ਪਾਲ ਦੀ ਲਾਸ਼ ਬੀਤੀ 17 ਜੁਲਾਈ 2025 ਨੂੰ ਫਰਿਜ਼ਨੋ ਦੀ ਇੱਕ ਕੈਨਾਲ ਵਿਚੋਂ ਮਿਲੀ ਸੀ। ਉਹ 55 ਸਾਲਾਂ ਦੇ ਸਨ। ਇਹ ਲਾਸ਼ ਟੈਂਪਰੈਂਸ ਐਵਨਿਊ ਅਤੇ ਮੈਕਕਿਨਲੀ ਐਵਨਿਊ ਦੇ ਨੇੜੇ ਇੱਕ ਮਛੇਰੇ ਨੇ ਸਵੇਰੇ 10:30 ਵਜੇ ਦੇ ਕਰੀਬ ਵੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਜਾਣਕਾਰੀ ਮੁਤਾਬਕ, ਸੁਰਿੰਦਰ ਪਾਲ ਬੀਤੀ 22 ਜੂਨ ਤੋਂ ਲਾਪਤਾ ਸਨ। ਉਹ ਆਖਰੀ ਵਾਰ ਬਲੈਕਸਟੋਨ ਅਤੇ ਡਕੋਟਾ ਐਵੇਨਿਊ ਨੇੜੇ ਵੇਖੇ ਗਏ ਸਨ। ਅਗਲੇ ਦਿਨ ਉਨ੍ਹਾਂ ਦੀ ਗੱਡੀ ਟੈਂਪਰੈਂਸ ਅਤੇ ਮੈਕਕਿਨਲੀ ਨੇੜੇ ਖੜ੍ਹੀ ਮਿਲੀ ਸੀ, ਜਿੱਥੇ ਹੁਣ ਉਨ੍ਹਾਂ ਦੀ ਲਾਸ਼ ਮਿਲੀ ਹੈ। ਉਨ੍ਹਾਂ ਨੂੰ ”ਐਟ-ਰਿਸਕ ਮਿਸਿੰਗ ਪਰਸਨ” ਵਜੋਂ ਦਰਜ ਕੀਤਾ ਗਿਆ ਸੀ। ਸੁਰਿੰਦਰ ਪਾਲ ਅਤੇ ਉਨ੍ਹਾਂ ਦੀ ਪਤਨੀ ਭਾਰਤੀ ਸਟੋਰ ‘ਸਟੈਂਡਰਡ ਸਵੀਟਸ ਐਂਡ ਸਪਾਈਸ’ ਦੇ ਮਾਲਕ ਹਨ। ਇਹ ਮਠਿਆਈਆਂ ਦੀ ਦੁਕਾਨ ਇਲਾਕੇ ਵਿਚ ਕਾਫੀ ਮਸ਼ਹੂਰ ਹੈ ਅਤੇ ਕੁਝ ਸਮਾਂ ਪਹਿਲਾਂ ਇਨ੍ਹਾਂ ਦੀ ਦੁਕਾਨ ਏਬੀਸੀ 30 ਦੇ ਡਾਈਨ ਐਂਡ ਡਿਸ਼ ਸ਼ੋਅ ਵਿਚ ਵੀ ਵਿਖਾਈ ਗਈ ਸੀ। ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਸੁਰਿੰਦਰ ਸਿੰਘ ਦੀ ਮੌਤ ਕਿਵੇਂ ਹੋਈ, ਇਸ ਸਬੰਧੀ ਜਾਂਚ ਹਾਲੇ ਜਾਰੀ ਹੈ।