#AMERICA

ਫਰਿਜ਼ਨੋ ‘ਚ ਪੰਜਾਬੀ ਕਾਰ ਚਾਲਕ ‘ਤੇ ਸ਼ਰਾਬੀ ਹਾਲਤ ‘ਚ ਦੋ ਨੌਜਵਾਨਾਂ ਨੂੰ ਕੁਚਲਣ ਦਾ ਦੋਸ਼

ਨਿਊਯਾਰਕ, 9 ਮਈ (ਪੰਜਾਬ ਮੇਲ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਫਰਿਜ਼ਨੋ ਸ਼ਾਹਿਰ ਵਿਚ ਦੋ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਸ਼ੱਕੀ ਸ਼ਰਾਬੀ ਪੰਜਾਬੀ ਡਰਾਇਵਰ ਜਗਤ ਸਿੰਘ ਨੂੰ ਹੁਣ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਬੀਤੇ ਦਿਨੀਂ ਇਹ ਹਾਦਸਾ ਰਾਤ 11:30 ਵਜੇ ਦੇ ਕਰੀਬ ਕਲੋਵਿਸ ਤੇ ਸ਼ੀਲਡਜ਼ ਐਵੇਨਿਊ ਦੇ ਖੇਤਰ ਵਿਚ ਵਾਪਰਿਆ। ਫਰਿਜ਼ਨੋ ਪੁਲਿਸ ਦਾ ਕਹਿਣਾ ਹੈ ਕਿ 28 ਸਾਲਾ ਜਗਤ ਸਿੰਘ 18 ਸਾਲਾ ਮੈਡਕਸ ਗ੍ਰੀਨ ਵੱਲੋਂ ਚਲਾਏ ਜਾ ਰਹੇ ਇਕ ਹੋਰ ਵਾਹਨ ਨਾਲ ਟਕਰਾ ਗਿਆ। ਗ੍ਰੀਨ ਦੀ ਹਾਦਸੇ ਵਾਲੀ ਥਾਂ ‘ਤੇ ਹੀ ਮੌਤ ਹੋ ਗਈ ਤੇ ਉਸਦੇ ਨਾਲ ਬੈਠੇ ਕਰੀਬੀ ਦੋਸਤ 19 ਸਾਲਾ ਜੌਰਡਨ ਗਾਲਵੇਜ਼ ਦੀ ਅਗਲੇ ਦਿਨ ਸਵੇਰੇ ਮੌਤ ਹੋਈ। ਪੁਲਿਸ ਨੇ ਕਿਹਾ ਕਿ ਜਗਤ ਸਿੰਘ ਤੇ ਉਸਦੇ ਨਾਲ ਦੇ ਗੱਡੀ ‘ਚ ਬੈਠੇ ਲੋਕ ਹਾਦਸੇ ਵਾਲੀ ਥਾਂ ਤੋਂ ਭੱਜ ਨਿਕਲੇ ਪਰ ਪੁਲਿਸ ਉੁਨ੍ਹਾਂ ਤੱਕ ਬਹੁਤ ਜਲਦੀ ਪਹੁੰਚ ਗਈ। ਸ਼ੱਕੀ ਦੋਸ਼ੀ ਜਗਤ ਸਿੰਘ ਨੂੰ 2023 ਵਿਚ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤੀ ਦਸਤਾਵੇਜ਼ ਮੁਤਾਬਕ ਜਗਤ ਸਿੰਘ ਦੇ ਪਿਛਲੇ ਡੀ.ਯੂ.ਆਈ. ਦੇ ਸਮੇਂ ਲਏ ਗਏ ਖੂਨ ਸੈਂਪਲ ਵਿਚ ਅਲਕੋਹਲ ਦਾ ਪੱਧਰ ਕਾਨੂੰਨੀ ਹੱਦ ਤੋਂ ਦੋ ਗੁਣਾ ਵੱਧ ਸੀ। ਉਹ ਅਜੇ ਵੀ 2023 ਦੇ ਅਪਰਾਧ ਲਈ ਪ੍ਰੋਬੇਸ਼ਨ ‘ਤੇ ਹੈ। ਜਦੋਂ ਜਗਤ ਸਿੰਘ ਦੀ ਗੱਡੀ ਇਨ੍ਹਾਂ ਨੌਜਵਾਨਾਂ ਨਾਲ ਟਕਰਾਈ ਤਾਂ ਪੁਲਿਸ ਨੇ ਕਿਹਾ ਕਿ ਉਹ ਆਪਣੇ ਦੋਸਤ ਦੀ ਰੇਂਜ ਰੋਵਰ ਗੱਡੀ ਬਿਨਾਂ ਪੁੱਛੇ ਚਲਾ ਰਿਹਾ ਸੀ। ਹੁਣ ਉਹ ਨਵੇਂ ਦੋਸ਼ਾਂ ਦੀ ਇਕ ਲੰਬੀ ਸੂਚੀ ਦਾ ਸਾਹਮਣਾ ਕਰੇਗਾ, ਜਿਸ ਵਿਚ ਵਾਹਨ ਚੋਰੀ ਕਰਨਾ ਤੇ ਕਤਲ ਸ਼ਾਮਲ ਹਨ। ਸਾਫ ਹੈ ਕਿ ਇਸ ਗੰਭੀਰ ਮਾਮਲੇ, ਜਿਸ ‘ਚ ਦੋ ਮਾਸੂਮ ਜਾਨਾਂ ਗਈਆਂ ਹਨ ਲਈ ਜਗਤ ਸਿੰਘ ਦੀ ਜਮਾਨਤ 13 ਲੱਖ ਡਾਲਰ ਤੋਂ ਵੱਧ ਰੱਖੀ ਗਈ ਹੈ।