ਫਰਿਜ਼ਨੋ, 27 ਜੂਨ (ਮਾਛੀਕੇ/ਪੰਜਾਬ ਮੇਲ)- ਪੰਜਾਬ ਦੇ ਮਸ਼ਹੂਰ ਮਨੁੱਖੀ ਹੱਕਾਂ ਦੇ ਸੰਘਰਸ਼ੀ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ‘ਤੇ ਨਵਾਂ ਸਕੂਲ ਫਰਿਜ਼ਨੋ ਵਿਚ ਖੋਲ੍ਹਿਆ ਗਿਆ ਹੈ। ਇਸ ਸਕੂਲ ਦਾ ਉਦਘਾਟਨ ਸਮਾਰੋਹ ਬੀਤੇ ਵੀਰਵਾਰ ਬਹੁਤ ਹੀ ਜਜ਼ਬਾਤੀ ਅਤੇ ਇਤਿਹਾਸਕ ਮਾਹੌਲ ਵਿਚ ਹੋਇਆ, ਜਿਸ ਵਿਚ ਸਥਾਨਕ ਪੰਜਾਬੀ ਭਾਈਚਾਰੇ ਨੇ ਭਰਪੂਰ ਹਿੱਸਾ ਲਿਆ।
ਉਦਘਾਟਨ ਸਮੇਂ ਖਾਲੜਾ ਸਾਹਿਬ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਭਾਸ਼ਣ ਦਿੱਤੇ ਗਏ। ਵਿਦੇਸ਼ ਵਿਚ ਇਹ ਪਹਿਲੀ ਵਾਰੀ ਹੈ ਕਿ ਕਿਸੇ ਸਕੂਲ ਨੂੰ ਖਾਲੜਾ ਜੀ ਦੇ ਨਾਮ ‘ਤੇ ਸਮਰਪਿਤ ਕੀਤਾ ਗਿਆ ਹੋਵੇ। ਇਸ ਸਕੂਲ ਦਾ ਉਦੇਸ਼ ਨਾ ਸਿਰਫ਼ ਅਕਾਦਮਿਕ ਵਿਦਿਆ ਦੇਣਾ ਹੈ, ਸਗੋਂ ਬੱਚਿਆਂ ਵਿਚ ਇਨਸਾਫ਼, ਹੱਕਾਂ ਅਤੇ ਇਨਸਾਨੀਅਤ ਲਈ ਲੜਨ ਦੀ ਪ੍ਰੇਰਣਾ ਵੀ ਪੈਦਾ ਕਰਨੀ ਹੈ।
ਸਥਾਨਕ ਲੀਡਰਾਂ, ਸਕੂਲ ਬੋਰਡ ਮੈਂਬਰਾਂ ਅਤੇ ਕਈ ਕੌਮਾਂਤਰੀ ਮਾਨਤਾ ਪ੍ਰਾਪਤ ਮਹਿਮਾਨਾਂ ਨੇ ਵੀ ਸਮਾਰੋਹ ਵਿਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਖਾਸ ਤੌਰ ‘ਤੇ ਉਨ੍ਹਾਂ ਦੀ ਧੀ, ਨਵਕਿਰਨ ਕੌਰ ਖਾਲੜਾ ਅਤੇ ਪਤਨੀ ਬੀਬੀ ਪ੍ਰਮਜੀਤ ਕੌਰ ਖਾਲੜਾ ਨੇ ਵੀ ਉਚੇਚੀ ਹਾਜ਼ਰੀ ਭਰੀ। ਉਨ੍ਹਾਂ ਨੂੰ ਸਕੂਲ ਬੋਰਡ ਵੱਲੋਂ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ। ਸਥਾਨਕ ਗੁਰਦੁਆਰਿਆਂ ਵੱਲੋਂ ਵੀ ਇਸ ਯਤਨ ਦੀ ਖੁੱਲ੍ਹ ਕੇ ਸਰਾਹਣਾ ਕੀਤੀ ਗਈ ਤੇ ਉਮੀਦ ਜਤਾਈ ਕਿ ਇਹ ਸਕੂਲ ਭਵਿੱਖ ਦੀ ਪੀੜ੍ਹੀ ਲਈ ਇਕ ਰੋਸ਼ਨ ਮਿਸਾਲ ਬਣੇਗਾ।
ਫਰਿਜ਼ਨੋ ‘ਚ ਜਸਵੰਤ ਸਿੰਘ ਖਾਲੜਾ ਸਕੂਲ ਦਾ ਉਦਘਾਟਨ
