ਫਰਿਜ਼ਨੋ, 7 ਨਵੰਬਰ (ਪੰਜਾਬ ਮੇਲ)- ਫਰਿਜ਼ਨੋ ਵਿਚ ਚੋਣਾਂ ਹੋ ਕੇ ਹਟੀਆਂ ਹਨ। ਇਨ੍ਹਾਂ ਚੋਣਾਂ ਵਿਚ ਫਰਿਜ਼ਨੋ ਏਰੀਏ ਦੇ ਦੋ ਪੰਜਾਬੀ ਨੌਜਵਾਨਾਂ ਨੇ ਸਕੂਲ ਬੋਰਡ ਦੀਆਂ ਚੋਣਾਂ ਜਿੱਤਕੇ ਇਤਿਹਾਸ ਸਿਰਜਿਆ ਹੈ। ਫਰਿਜ਼ਨੋ ਦੇ ਸੈਂਟਰਲ ਸਕੂਲ ਬੋਰਡ ਏਰੀਆ 5 ਦੀ ਟਰੱਸਟੀ ਦੀ ਚੋਣ ਜਸਪ੍ਰੀਤ ਸਿੱਧੂ ਨੇ ਵੱਡੇ ਫਰਕ ਨਾਲ ਜਿੱਤਕੇ ਭਾਈਚਾਰੇ ਨੂੰ ਮਾਣ ਬਖ਼ਸ਼ਿਆ। ਜਸਪ੍ਰੀਤ ਸਿੰਘ ਸਿੱਧੂ ਜਿਸਦਾ ਪਿਛਲਾ ਪਿੰਡ ਬੱਧਨੀ ਜ਼ਿਲ੍ਹਾ ਮੋਗਾ ਵਿਚ ਪੈਂਦਾ ਹੈ।
ਜਸਪ੍ਰੀਤ ਅਮੈਰਕਿਨ ਬੌਰਨ, ਇੱਕ ਰਜਿਸਟਰਡ ਨਰਸ ਦੇ ਤੌਰ ‘ਤੇ ਸੇਵਾਵਾਂ ਨਿਭਾ ਰਿਹਾ ਹੈ। ਉਹ ਜੀ.ਐੱਚ.ਜੀ. ਡਾਂਸ ਐਂਡ ਸੰਗੀਤ ਅਕੈਡਮੀ ਲਈ ਭੰਗੜਾ ਕੋਚ ਵੀ ਹੈ। ਇਸੇ ਤਰੀਕੇ ਨਰਿੰਦਰ ਸਿੰਘ ਸਹੋਤਾ ਇੱਕ ਇੰਜੀਨੀਅਰ ਦੇ ਤੌਰ ‘ਤੇ ਕੰਮ ਕਰ ਰਿਹਾ ਹੈ, ਉਸਨੇ ਦੂਸਰੀ ਵਾਰ ਸੈਲਮਾ ਸਕੂਲ ਬੋਰਡ ਏਰੀਆ 2 ਤੋਂ ਸਕੂਲ ਟਰੱਸਟੀ ਦੀ ਚੋਣ ਜਿੱਤਕੇ ਇਤਿਹਾਸ ਸਿਰਜਿਆ ਹੈ। ਉਹ ਪੰਜਾਬ ਤੋਂ ਬੜਾ ਪਿੰਡ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਹਨ। ਦੋਵਾਂ ਪੰਜਾਬੀ ਮੁੰਡਿਆਂ ਦੀ ਜਿੱਤ ਕਾਰਨ ਫਰਿਜ਼ਨੋ ਏਰੀਏ ਦੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।