ਸਟਾਕਟਨ, 8 ਅਕਤੂਬਰ (ਪੰਜਾਬ ਮੇਲ)- ਗਦਰੀ ਬਾਬਿਆਂ ਨਾਲ ਸੰਬੰਧਤ ਇਤਿਹਾਸਕ ਧਰਤੀ ਸਟਾਕਟਨ ਵਿਖੇ ਲੰਘੇ ਐਤਵਾਰ ਫਤਿਹ ਸਪੋਰਟਸ ਕਲੱਬ ਵੱਲੋਂ ਪਹਿਲਾ ਇਨਡੋਰ ਵਰਲਡ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਕਲੱਬ ਨੇ ਇਨਡੋਰ ਵਰਲਡ ਕਬੱਡੀ ਟੂਰਨਾਮੈਂਟ ਕਰਵਾ ਕੇ ਅਮਰੀਕਾ ਵਿਚ ਨਵੀਂ ਪਿਰਤ ਪਾਈ ਹੈ। ਅਮਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਹੋਏ ਇਸ ਟੂਰਨਾਮੈਂਟ ਵਿਚ ਦੁਨੀਆਂ ਦੀਆਂ ਚੋਟੀ ਦੀਆਂ ਕਬੱਡੀ ਟੀਮਾਂ ਨੇ ਹਿੱਸਾ ਲਿਆ। ਅਡਵੈਂਟੈਸਿਟ ਹੈਲਥ ਐਰੀਨਾ, ਸਟਾਕਟਨ ਵਿਖੇ ਹੋਏ ਇਸ ਟੂਰਨਾਮੈਂਟ ਵਿਚ ਯੂ.ਐੱਸ.ਏ., ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਾਰਵੇ ਦੀਆਂ ਟੀਮਾਂ ਸ਼ਾਮਲ ਸਨ।
ਦਰਸ਼ਕਾਂ ਵਿਚ ਇਸ ਨਵੇਂ ਤਜ਼ਰਬੇ ਨੂੰ ਦੇਖਣ ਲਈ ਕਾਫੀ ਉਤਸ਼ਾਹ ਸੀ, ਜਿਸ ਕਰਕੇ ਸਵੇਰ ਤੋਂ ਹੀ ਉਨ੍ਹਾਂ ਦੀ ਆਮਦ ਸ਼ੁਰੂ ਹੋ ਗਈ ਅਤੇ ਦੇਖਦਿਆਂ ਦੇਖਦਿਆਂ ਸਟੇਡੀਅਮ ‘ਚ ਦਰਸ਼ਕਾਂ ਦੀਆਂ ਰੌਣਕਾਂ ਲੱਗ ਗਈਆਂ।
ਕਬੱਡੀ ਟੂਰਨਾਮੈਂਟ ਦੇ ਆਰੰਭ ‘ਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਟੂਰਨਾਮੈਂਟ ਦੀ ਕਾਮਯਾਬੀ ਲਈ ਅਰਦਾਸ ਕੀਤੀ ਗਈ। ਉਪਰੰਤ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਕਬੱਡੀ ਟੀਮਾਂ, ਰੈਫਰੀ ਦੀਆਂ ਟੀਮਾਂ ਅਤੇ ਪ੍ਰਬੰਧਕਾਂ ਨੇ ਸ਼ਾਨਦਾਰ ਪਰੇਡ ਵਿਚ ਹਿੱਸਾ ਲਿਆ। ਇਹ ਪਰੇਡ ਇਕ ਤਰ੍ਹਾਂ ਨਾਲ ਓਲੰਪਿਕ ਖੇਡਾਂ ਦਾ ਭੁਲੇਖਾ ਪਾਉਂਦੀ ਸੀ। ਇਸ ਤੋਂ ਬਾਅਦ ਸ਼ੁਰੂ ਹੋਏ ਕਬੱਡੀ ਮੁਕਾਬਲੇ। ਪਹਿਲਾਂ ਅੰਡਰ-21 ਅਤੇ ਅੰਡਰ-25 ਦੇ ਮੁਕਾਬਲੇ ਕਰਵਾਏ ਗਏ। ਉਪਰੰਤ ਅੰਤਰਰਾਸ਼ਟਰੀ ਟੀਮਾਂ ਦੇ ਆਪਸ ਵਿਚ ਭੇੜ ਹੋਏ, ਜਿਸ ਦੌਰਾਨ ਅਮਰੀਕਾ ਦੀ ਟੀਮ ਪਹਿਲੇ, ਜਦਕਿ ਕੈਨੇਡਾ ਨੇ ਦੂਸਰਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੌਰਾਨ ਬੇਸਟ ਰੇਡਰ ਚਿਤਪਾਲ ਅਤੇ ਬੈਸਟ ਸਟਾਪਰ ਸ਼ੀਲੂ ਨੂੰ ਦਿੱਤਾ ਗਿਆ।
ਕਬੱਡੀ ਟੂਰਨਾਮੈਂਟ ਦੇ ਨਾਲ-ਨਾਲ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਰੁਸਤਮੇ-ਹਿੰਦ ਜੱਸਾ ਪੱਟੀ, ਕਮਲਜੀਤ ਡੂੰਘਛੇੜੀ, ਗੋਪੀ ਲੀਲਾਂ ਅਤੇ ਜੰਡੂਸਿੰਘ ਵਾਲਾ ਨੇ ਆਪਣੇ ਬਲ ਦੇ ਜੌਹਰ ਦਿਖਾਏ। ਪ੍ਰਬੰਧਕਾਂ ਵੱਲੋਂ ਜੇਤੂਆਂ ਨੂੰ ਖੂਬਸੂਰਤ ਟਰਾਫੀਆਂ ਦਿੱਤੀਆਂ ਗਈਆਂ। ਇਸ ਕਬੱਡੀ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਸੰਦੀਪ ਸਿੰਘ ਜੈਂਟੀ, ਹਰਸਿਮਰਨ ਸੰਗਰਾਮ ਸਿੰਘ, ਹਰਮਨ ਬਰਕੰਡੀ, ਮਨਵੀਰ ਮਾਂਗਟ, ਸ਼ਮੀ ਬਰਾੜ, ਬਿਕਰਮ ਸਿੰਘ ਗਿੱਲ, ਭਾਗਦੀਪ ਸਿੰਘ ਗਿੱਲ, ਹਰਭੇਜ ਸਿੰਘ, ਧੀਰਾ ਨਿੱਜਰ, ਪਰਗਟ ਸਿੰਘ ਸੰਧੂ, ਬਿੱਟੂ ਰੰਧਾਵਾ, ਤਰਲੋਚਨ ਸਿੰਘ ਅਟਵਾਲ, ਹਰਦੀਪ ਸਿੰਘ ਚੀਮਾ ਅਤੇ ਹੈਪੀ ਬਰਿਆਣਾ ਤੋਂ ਇਲਾਵਾ ਸਮੁੱਚੀ ਟੀਮ ਨੇ ਦਿਨ-ਰਾਤ ਇੱਕ ਕਰ ਦਿੱਤੀ। ਕੁੱਲ ਮਿਲਾ ਕੇ ਇਹ ਟੂਰਨਾਮੈਂਟ ਕਾਮਯਾਬੀ ਨਾਲ ਹੋ ਨਿਬੜੀ।
ਫਤਿਹ ਸਪੋਰਟਸ ਕਲੱਬ ਨੇ ਸਟਾਕਟਨ ਵਿਖੇ ਪਹਿਲਾ ਇਨਡੋਰ ਵਰਲਡ ਕਬੱਡੀ ਕੱਪ ਕਰਵਾ ਕੇ ਸਿਰਜਿਆ ਇਤਿਹਾਸ
