#PUNJAB

ਪੱਤਰਕਾਰ ਸੁਖਨੈਬ ਸਿੰਘ ਸਿੱਧੂ ਨੂੰ ਗ੍ਰਿਫਤਾਰ ਕਰਨ ਦੀ ਇਨਕਲਾਬੀ ਕੇਂਦਰ ਵੱਲੋਂ ਸਖ਼ਤ ਨਿਖੇਧੀ

ਤੁਰੰਤ ਰਿਹਾਈ ਕੀਤਾ ਜਾਵੇ: ਇਨਕਲਾਬੀ ਕੇਂਦਰ ਪੰਜਾਬ
ਚੰਡੀਗੜ੍ਹ/ਸੰਗਰੂਰ, 6 ਅਪ੍ਰੈਲ (ਦਲਜੀਤ ਕੌਰ/ਪੰਜਾਬ ਮੇਲ)- ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰੈਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ, ਸੂਬਾ ਕਮੇਟੀ ਮੈਂਬਰ ਜਸਵੰਤ ਸਿੰਘ ਜੀਰਖ, ਮੁਖਤਿਆਰ ਸਿੰਘ ਪਹੂਲਾ ਅਤੇ ਜਗਜੀਤ ਲਹਿਰਾ ਨੇ ਕਿਹਾ ਹੈ ਕਿ ਪੰਜਾਬ ਨਿਊਜ਼ ਆਨਲਾਈਨ ਦੇ ਸੰਪਾਦਕ ਪੱਤਰਕਾਰ ਸੁਖਨੈਬ ਸਿੰਘ ਸਿੱਧੂ ਖ਼ਿਲਾਫ਼ ਬਠਿੰਡਾ ਪੁਲਿਸ ਵਲੋਂ ਦਰਜ਼ ਕੇਸ, ਪ੍ਰਗਟਾਵੇ ਅਤੇ ਪ੍ਰੈੱਸ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਪੱਤਰਕਾਰ ਨੂੰ ਤੁਰੰਤ ਪੁਲਿਸ ਹਿਰਾਸਤ ਵਿੱਚੋਂ ਛੱਡਿਆ ਜਾਵੇ ਅਤੇ ਸੁਖਨੈਬ ਸਿੰਘ ਸਿੱਧੂ ਪੱਤਰਕਾਰ ਦੇ ਖਿਲਾਫ ਜੋ ਐੱਫ ਆਈ ਆਰ ਨੰਬਰ 40 ਮਿਤੀ 05 ਅਪ੍ਰੈਲ ਨੂੰ ਥਾਣਾ ਨਥਾਣਾ ਵਿਖੇ ਦਰਜ ਕੀਤੀ ਗਈ ਹੈ, ਉਸ ਨੂੰ ਵਾਪਸ ਲਿਆ ਜਾਵੇ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੱਤਰਕਾਰਾਂ ਦੇ ਜਮਹੂਰੀ ਹੱਕਾਂ ਤੇ ਛਾਪਾ ਮਾਰੀ ਕੀਤੀ ਜਾ ਰਹੀ ਹੈ, ਉਹਨਾਂ ਦੀ ਸੱਚੀ ਅਵਾਜ ਨੂੰ ਬੰਦ ਕਰਨ ਜਾ ਰਹੀ ਹੈ। ਆਗੂਆਂ ਕਿਹਾ ਕਿ ਇਸ ਪੱਤਰਕਾਰ ਦਾ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਵੱਡਾ ਰੋਲ ਹੈ, ਲਗਾਤਾਰ ਕਿਸਾਨੀ ਹਿੱਤਾਂ ਲਈ ਅਵਾਜ ਬੁਲੰਦ ਕੀਤੀ ਗਈ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਰਜੇ ਦੀ ਮਾਰ ਹੇਠ ਆਏ ਖੁਦਕਸ਼ੀ ਕਰਨ ਵਾਲੇ ਪਰਿਵਾਰਾਂ ਦੇ ਘੇਰੇ ਵਿੱਚ ਜਾ ਕੇ ਪਰਿਵਾਰਾਂ ਨਾਲ ਇੰਟਰਵਿਊ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਮਾਲੀ ਮਦਦ ਕੀਤੀ ਗਈ। ਦੋਸ਼ ਲਾਏ ਕਿ ਮਾਨ ਸਰਕਾਰ ਵੀ ਮੋਦੀ ਸਰਕਾਰ ਤੋਂ ਘੱਟ ਨਹੀਂ, ਜੋ ਪੱਤਰਕਾਰਾਂ ਨੂੰ ਜਲੀਲ ਕਰ ਕੇ ਲੋਕਾਂ ਦੀ ਹੱਕੀ ਅਤੇ ਜਾਇਜ਼ ਅਵਾਜ ਨੂੰ ਕੁਚਲਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਨਕਲਾਬੀ ਕੇਂਦਰ, ਪੰਜਾਬ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ ਇਸ ਜਬਰ ਦੇ ਖਿਲਾਫ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਨਾਲ ਲੈ ਕੇ ਲੋਕ- ਪੱਖੀ ਪੱਤਰਕਾਰੀ ਦੇ ਪੱਖ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ।

Leave a comment