#INDIA

ਪੱਛਮੀ ਬੰਗਾਲ ‘ਚ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੇ ਰੋਡ ਸ਼ੋਅ ਦੌਰਾਨ ਪਥਰਾਅ

-ਕੱਚ ਦੀਆਂ ਬੋਤਲਾਂ ਸੁੱਟੀਆਂ
ਮਿਦਨਾਪੁਰ, 22 ਮਈ (ਪੰਜਾਬ ਮੇਲ)- ਪੱਛਮੀ ਬੰਗਾਲ ਦੇ ਮਿਦਨਾਪੁਰ ਸ਼ਹਿਰ ‘ਚ ਮੰਗਲਵਾਰ ਅਦਾਕਾਰ ਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੇ ਰੋਡ ਸ਼ੋਅ ਦੌਰਾਨ ਕੁਝ ਲੋਕਾਂ ਨੇ ਪਥਰਾਅ ਕੀਤਾ, ਜਿਸ ਪਿੱਛੋਂ ਝੜਪ ਹੋ ਗਈ। ਪੁਲਿਸ ਨੇ ਦੱਸਿਆ ਕਿ ਮਿਦਨਾਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਗਨੀਮਿੱਤਰਾ ਪਾਲ ਨੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ‘ਤੇ ਜਲੂਸ ਦੌਰਾਨ ਕੱਚ ਦੀਆਂ ਬੋਤਲਾਂ ਤੇ ਪੱਥਰ ਸੁੱਟਣ ਦਾ ਦੋਸ਼ ਲਾਇਆ ਹੈ। ਘਟਨਾ ‘ਚ ਚੱਕਰਵਰਤੀ ਤੇ ਪਾਲ ਦੋਵੇਂ ਸੁਰੱਖਿਅਤ ਹਨ।
ਰੋਡ ਸ਼ੋਅ ਕੁਲੈਕਟਰੇਟ ਮੋੜ ਤੋਂ ਸ਼ੁਰੂ ਹੋ ਕੇ ਕੇਰਨੀਟੋਲਾ ਵੱਲ ਜਾ ਰਿਹਾ ਸੀ। ਭਾਜਪਾ ਦੇ ਸੈਂਕੜੇ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ। ਚੱਕਰਵਰਤੀ ਤੇ ਪਾਲ ਨੇ ਹੱਥ ਹਿਲਾ ਕੇ ਭੀੜ ਦਾ ਸੁਆਗਤ ਸਵੀਕਾਰ ਕੀਤਾ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਰੋਡ ਸ਼ੋਅ ਸ਼ੇਖਪੁਰਾ ਮੋੜ ‘ਤੇ ਪਹੁੰਚਿਆ, ਤਾਂ ਸੜਕ ਕਿਨਾਰੇ ਖੜ੍ਹੇ ਕੁਝ ਲੋਕਾਂ ਨੇ ਜਲੂਸ ‘ਤੇ ਪੱਥਰ ਤੇ ਬੋਤਲਾਂ ਸੁੱਟੀਆਂ। ਇਸ ਪਿੱਛੋਂ ਭਾਜਪਾ ਵਰਕਰਾਂ ਨੇ ਜਵਾਬੀ ਕਾਰਵਾਈ ਕੀਤੀ ਤੇ ਝੜਪ ਹੋ ਗਈ।