#INDIA

ਪੱਛਮੀ ਏਸ਼ੀਆ ਤਣਾਅ ਦਾ ਅਸਰ: ਯੂਰਪ ਤੇ ਕੈਨੇਡਾ ਦੀਆਂ ਪ੍ਰਮੁੱਖ ਏਅਰਲਾਈਨਜ਼ ਵੱਲੋਂ ਭਾਰਤ ਲਈ ਉਡਾਣਾਂ ‘ਚ ਵੱਡਾ ਵਾਧਾ

ਨਵੀਂ ਦਿੱਲੀ, 7 ਅਪ੍ਰੈਲ (ਪੰਜਾਬ ਮੇਲ)– ਪੱਛਮੀ ਏਸ਼ੀਆ ਵਿਚ ਵਧਦੇ ਭੂ-ਸਿਆਸੀ ਤਣਾਅ ਦਾ ਅਸਰ ਹੁਣ ਵਿਸ਼ਵ ਪੱਧਰ ‘ਤੇ ਹਵਾਬਾਜ਼ੀ ਸੈਕਟਰ ‘ਤੇ ਸਪੱਸ਼ਟ ਨਜ਼ਰ ਆਉਣ ਲੱਗਾ ਹੈ। ਖਾੜੀ ਦੇਸ਼ਾਂ ਦੇ ਏਅਰਸਪੇਸ ‘ਚ ਬੇਯਕੀਨੀ ਵਧਣ ਕਾਰਨ ਯਾਤਰੀਆਂ ਦਾ ਰੁਝਾਨ ਹੁਣ ਕਿਫਾਇਤੀ ਕਨੈਕਟਿੰਗ ਫਲਾਈਟਾਂ ਤੋਂ ਹਟ ਕੇ ਸਿੱਧੇ (ਨਾਨ-ਸਟਾਪ) ਸਫ਼ਰ ਵੱਲ ਵਧ ਰਿਹਾ ਹੈ। ਇਸੇ ਬਦਲਦੇ ਰੁਝਾਨ ਨੂੰ ਦੇਖਦੇ ਹੋਏ ਯੂਰਪ ਤੇ ਕੈਨੇਡਾ ਦੀਆਂ ਪ੍ਰਮੁੱਖ ਏਅਰਲਾਈਨਜ਼ ਨੇ ਭਾਰਤ ਲਈ ਆਪਣੀਆਂ ਫਲਾਈਟਾਂ ਵਿਚ ਵੱਡਾ ਵਾਧਾ ਕਰ ਦਿੱਤਾ ਹੈ।
ਜਰਮਨੀ ਦੀ ਪ੍ਰਮੁੱਖ ਏਅਰਲਾਈਨ ਲੁਫਥਾਂਸਾ ਗਰੁੱਪ ਨੇ ਭਾਰਤ ਦੇ 4 ਪ੍ਰਮੁੱਖ ਰੂਟਾਂ ‘ਤੇ ਫਲਾਈਟਾਂ ਵਧਾਉਣ ਦਾ ਫੈਸਲਾ ਕੀਤਾ ਹੈ। ਫਰੈਂਕਫਰਟ-ਚੇਨਈ ਰੂਟ ਨੂੰ ਰੋਜ਼ਾਨਾ ਸੇਵਾ ‘ਚ ਬਦਲਿਆ ਜਾ ਰਿਹਾ ਹੈ, ਜਦਕਿ ਫਰੈਂਕਫਰਟ-ਹੈਦਰਾਬਾਦ ਅਤੇ ਮਿਊਨਿਖ-ਬੈਂਗਲੁਰੂ ਰੂਟ ‘ਤੇ ਵੀ ਹਫ਼ਤਾਵਾਰੀ ਫਲਾਈਟਾਂ ਵਿਚ ਵਾਧਾ ਕੀਤਾ ਗਿਆ ਹੈ। ਫਰੈਂਕਫਰਟ-ਦਿੱਲੀ ਰੂਟ ਜੂਨ ਮਹੀਨੇ ਵਿਚ ਪੂਰੀ ਤਰ੍ਹਾਂ ਡੇਲੀ ਆਪ੍ਰੇਸ਼ਨ ਵਿਚ ਰਹੇਗਾ। ਕੰਪਨੀ ਅਨੁਸਾਰ ਇਹ ਵਾਧੂ ਸਮਰੱਥਾ ਮਿਡਲ ਈਸਟ ਲਈ ਘਟਾਈਆਂ ਗਈਆਂ ਫਲਾਈਟਾਂ ਤੋਂ ਮਿਲੇ ਸਰੋਤਾਂ ਰਾਹੀਂ ਤਿਆਰ ਕੀਤੀ ਗਈ ਹੈ, ਤਾਂ ਜੋ ਬਦਲੇ ਹੋਏ ਟਰੈਵਲ ਪੈਟਰਨ ਅਨੁਸਾਰ ਤੇਜ਼ੀ ਨਾਲ ਪ੍ਰਤੀਕਿਰਿਆ ਦਿੱਤੀ ਜਾ ਸਕੇ।
ਲੁਫਥਾਂਸਾ ਦੀ ਸਹਿਯੋਗੀ ਸਵਿਸ ਇੰਟਰਨੈਸ਼ਨਲ ਏਅਰਲਾਈਨਜ਼ ਨੇ ਜ਼ਿਊਰਿਖ-ਦਿੱਲੀ ਰੂਟ ‘ਤੇ ਦੂਜੀ ਰੋਜ਼ਾਨਾ ਫਲਾਈਟ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਖਾੜੀ ਰੂਟ ‘ਤੇ ਰੁਕਾਵਟਾਂ ਕਾਰਨ ਨਾਨ-ਸਟਾਪ ਫਲਾਈਟਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਏਅਰ ਫਰਾਂਸ, ਕੇ.ਐੱਲ.ਐੱਮ. ਤੇ ਬ੍ਰਿਟਿਸ਼ ਏਅਰਵੇਜ਼ ਨੇ ਵੀ ਭਾਰਤ ਲਈ ਵਾਧੂ ਫਲਾਈਟਾਂ ਅਤੇ ਵੱਡੇ ਜਹਾਜ਼ ਤਾਇਨਾਤ ਕੀਤੇ ਹਨ। ਬ੍ਰਿਟਿਸ਼ ਏਅਰਵੇਜ਼ ਦਿੱਲੀ ਤੇ ਮੁੰਬਈ ਤੋਂ ਲੰਡਨ ਲਈ ਤੀਜੀ ਰੋਜ਼ਾਨਾ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ।
ਏਅਰ ਕੈਨੇਡਾ ਨੇ ਟੋਰਾਂਟੋ-ਦਿੱਲੀ ਰੂਟ ‘ਤੇ ਅਪ੍ਰੈਲ ਵਿਚ 13 ਅਤੇ ਮਈ ਵਿਚ 7 ਵਾਧੂ ਫਲਾਈਟਾਂ ਜੋੜਨ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਸਿੰਗਾਪੁਰ, ਬੈਂਕਾਕ, ਹਾਂਗਕਾਂਗ ਵਰਗੀਆਂ ਏਸ਼ੀਆਈ ਹੱਬਜ਼ ‘ਤੇ ਵੀ ਸਮਰੱਥਾ ਵਧਾਈ ਗਈ ਹੈ ਪਰ ਸਭ ਤੋਂ ਵੱਧ ਫੋਕਸ ਭਾਰਤ ‘ਤੇ ਹੀ ਰਿਹਾ ਹੈ। ਦੋਹਾ ਦੀ ਕਤਰ ਏਅਰਵੇਜ਼ ਜਿੱਥੇ ਭਾਰੀ ਰੁਕਾਵਟਾਂ ਦਾ ਸਾਹਮਣਾ ਕਰ ਰਹੀ ਹੈ, ਉੱਥੇ ਹੀ ਏਤਿਹਾਦ ਏਅਰਵੇਜ਼ ਨੇ ਅੰਸ਼ਕ ਤੌਰ ‘ਤੇ ਸੇਵਾਵਾਂ ਬਹਾਲ ਕੀਤੀਆਂ ਹਨ। ਐਮੀਰੇਟਸ ਦੀਆਂ ਫਲਾਈਟਾਂ ਕਾਫੀ ਹੱਦ ਤੱਕ ਆਮ ਵਰਗੀਆਂ ਹੋ ਗਈਆਂ ਹਨ ਪਰ ਕੁਝ ਦੇ ਰੱਦ ਹੋਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਏਅਰ ਅਰੇਬੀਆ ਤੇ ਓਮਾਨ ਏਅਰ ਦੇ ਯਾਤਰੀਆਂ ਨੂੰ ਵੀ ਫਲਾਈਟਾਂ ਰੱਦ ਹੋਣ ਅਤੇ ਰੀਸ਼ਡਿਊਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਾਨ-ਸਟਾਪ ਫਲਾਈਟਾਂ ਦੀ ਵਧਦੀ ਮੰਗ ਕਾਰਨ ਕਿਰਾਏ ‘ਚ ਵੀ ਭਾਰੀ ਉਛਾਲ ਆਇਆ ਹੈ। ਦਿੱਲੀ ਤੋਂ ਫਰੈਂਕਫਰਟ ਦੀ ਟਿਕਟ 25 ਦਿਨ ਪਹਿਲਾਂ ਬੁੱਕ ਕਰਨ ‘ਤੇ ਲਗਭਗ 62,000 ਰੁਪਏ ਤੱਕ ਪਹੁੰਚ ਗਈ ਹੈ, ਜੋ ਆਮ ਨਾਲੋਂ ਲੱਗਭਗ ਦੁੱਗਣੀ ਹੈ। ਏਅਰ ਇੰਡੀਆ ਨੇ ਪੱਛਮੀ ਏਸ਼ੀਆ ‘ਚ ਤਣਾਅ ਵਧਣ ਤੋਂ ਬਾਅਦ 100 ਤੋਂ ਵੱਧ ਵਾਧੂ ਫਲਾਈਟਾਂ ਸ਼ੁਰੂ ਕੀਤੀਆਂ ਹਨ ਪਰ ਉਸ ਨੂੰ ਲੰਮਾ ਰੂਟ ਅਪਣਾਉਣਾ ਪੈ ਰਿਹਾ ਹੈ। ਈਰਾਨੀ ਏਅਰਸਪੇਸ ਤੋਂ ਬਚਣ ਅਤੇ ਪਾਕਿਸਤਾਨ ਦੀ ਪਾਬੰਦੀ ਕਾਰਨ ਯੂਰਪ ਦੀਆਂ ਫਲਾਈਟਾਂ ਵਿਚ 60-90 ਮਿੰਟ ਅਤੇ ਉੱਤਰੀ ਅਮਰੀਕਾ ਦੀਆਂ ਫਲਾਈਟਾਂ ਵਿਚ ਲਗਭਗ 5 ਘੰਟੇ ਤੱਕ ਦਾ ਵਾਧੂ ਸਮਾਂ ਲੱਗ ਰਿਹਾ ਹੈ। ਇਸ ਨਾਲ ਏਅਰਲਾਈਨਜ਼ ਦੀ ਲਾਗਤ ਵੀ ਕਾਫੀ ਵਧ ਗਈ ਹੈ।
ਇਸ ਪੂਰੇ ਘਟਨਾਚੱਕਰ ਦੇ ਵਿਚਕਾਰ ਯੂਰਪੀਅਨ ਏਅਰਲਾਈਨਜ਼ ਭਾਰਤ ਤੋਂ ਯਾਤਰੀਆਂ ਨੂੰ ਆਕਰਸ਼ਿਤ ਕਰ ਰਹੀਆਂ ਹਨ। ਅੰਕੜਿਆਂ ਮੁਤਾਬਕ ਲਗਭਗ 30 ਫੀਸਦੀ ਭਾਰਤੀ ਯਾਤਰੀ ਯੂਰਪ ਵਿਚ ਅੱਗੇ ਕਨੈਕਟ ਕਰਦੇ ਹਨ, ਜਦਕਿ 30-40 ਫੀਸਦੀ ਯਾਤਰੀ ਉੱਤਰੀ ਅਮਰੀਕਾ ਵੱਲ ਜਾਂਦੇ ਹਨ। ਅਜਿਹੀ ਸਥਿਤੀ ਵਿਚ ਯੂਰਪ ਲਈ ਇਹ ਇਕ ਵੱਡਾ ਮੌਕਾ ਬਣ ਕੇ ਉੱਭਰਿਆ ਹੈ। ਪੱਛਮੀ ਏਸ਼ੀਆ ਵਿਚ ਜਾਰੀ ਤਣਾਅ ਨੇ ਵਿਸ਼ਵ ਪੱਧਰੀ ਏਅਰ ਟ੍ਰੈਫਿਕ ਦਾ ਸੰਤੁਲਨ ਬਦਲ ਦਿੱਤਾ ਹੈ। ਗਲਫ ਹੱਬਜ਼ ਦੀ ਥਾਂ ‘ਤੇ ਹੁਣ ਭਾਰਤ ਤੇ ਯੂਰਪ ਵਿਚਕਾਰ ਸਿੱਧੀਆਂ ਫਲਾਈਟਾਂ ਦੀ ਮਹੱਤਤਾ ਤੇਜ਼ੀ ਨਾਲ ਵਧ ਰਹੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ‘ਚ ਐਵੀਏਸ਼ਨ ਸੈਕਟਰ ਵਿਚ ਵੱਡੇ ਸਥਾਈ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ।