#AMERICA

ਪੰਨੂ ਕੇਸ: ਦੋਸ਼ੀ ਨਿਖਿਲ ਗੁਪਤਾ ਅਦਾਲਤ ‘ਚ ਪੇਸ਼

-ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ
ਨਿਊਯਾਰਕ, 1 ਜੁਲਾਈ (ਪੰਜਾਬ ਮੇਲ)- ਕੱਟੜਪੰਥੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਕਥਿਤ ਹੱਤਿਆ ਦੀ ਨਾਕਾਮ ਸਾਜ਼ਿਸ਼ ਸਬੰਧੀ ਕੇਸ ਵਿਚ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਪਹਿਲੀ ਵਾਰ ਅਦਾਲਤ ‘ਚ ਪੇਸ਼ ਕੀਤਾ ਗਿਆ। ਸੰਘੀ ਜੱਜ ਵਿਕਟਰ ਮਾਰੇਰੋ ਨੇ ਬੀਤੇ ਦਿਨੀਂ ਸੰਖੇਪ ਸੁਣਵਾਈ ਮਗਰੋਂ ਮਾਮਲੇ ਦੀ ਸੁਣਵਾਈ ਲਈ 13 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਇਸ ਦੌਰਾਨ ਅਦਾਲਤ ਨੇ ਸਰਕਾਰੀ ਧਿਰ ਨੂੰ ਆਪਣੇ ਕੋਲ ਮੌਜੂਦ ਸਬੂਤ ਬਚਾਅ ਪੱਖ ਨਾਲ ਸਾਂਝੇ ਕਰਨ ਦਾ ਹੁਕਮ ਦਿੱਤਾ। ਸਤੰਬਰ ਮਹੀਨੇ ਕੇਸ ਦੀ ਸੁਣਵਾਈ ਦੌਰਾਨ ਜਦੋਂ ਬਚਾਅ ਪੱਖ ਨੂੰ ਆਪਣਾ ਕੇਸ ਤਿਆਰ ਕਰਨ ਲਈ ਸਰਕਾਰੀ ਸਬੂਤਾਂ ਨਾਲ ਜਾਣ ਦਾ ਮੌਕਾ ਮਿਲੇਗਾ, ਤਾਂ ਅਗਲੇਰੀ ਸੁਣਵਾਈ ਦੀ ਕਾਰਵਾਈ ਨਿਰਧਾਰਤ ਕੀਤੀ ਜਾਵੇਗੀ।
ਗੁਪਤਾ ਨੂੰ ਅਮਰੀਕੀ ਮਾਰਸ਼ਲ ਅਦਾਲਤ ‘ਚ ਲਿਆਏ ਉਸ ਨੂੰ ਬਚਾਅ ਪੱਖ ਦੀ ਮੇਜ਼ ‘ਤੇ ਬਿਠਾਇਆ, ਜਿੱਥੇ ਉਸ ਨੇ ਅਦਾਲਤੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਵਕੀਲ ਜੈਫਰੀ ਚੈਬਰੋਵ ਨਾਲ ਗੱਲਬਾਤ ਕੀਤੀ। ਉਸ ਨੂੰ ਅਮਰੀਕਾ ਦੀ ਅਪੀਲ ‘ਤੇ ਪਿਛਲੇ ਸਾਲ ਜੂਨ ਵਿਚ ਚੈੱਕ ਗਣਰਾਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 14 ਜੂਨ ਨੂੰ ਨਿਊਯਾਰਕ ਲਿਆਂਦਾ ਗਿਆ ਹੈ। ਉਸ ਨੂੰ 17 ਜੂਨ ਨੂੰ ਮੈਜਿਸਟਰੇਟ ਜੇਮਜ਼ ਕਾਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਉਸ ਨੂੰ ਬਿਨਾਂ ਜ਼ਮਾਨਤ ਦੇ ਰੱਖਣ ਦਾ ਹੁਕਮ ਦਿੱਤਾ। ਕੇਸ ‘ਚ ਸ਼ਿਕਾਇਤਕਰਤਾਵਾਂ ‘ਚੋਂ ਇੱਕ ਸਹਾਇਕ ਜ਼ਿਲ੍ਹਾ ਅਟਾਰਨੀ ਕੈਮਿਲੀ ਲਾਟੋਆ ਫਲੈਚਰ ਨੇ ਜੱਜ ਦੇ ਰੂਪ ਵਿਚ ਗੁਪਤਾ ਖ਼ਿਲਾਫ਼ ਸਰਕਾਰ ਦੇ ਕੇਸ ਦੀ ਰੂਪਰੇਖਾ ਪੇਸ਼ ਕੀਤੀ। ਉਨ੍ਹਾਂ ਦੋਸ਼ ਦੁਹਰਾਏ ਕਿ ਨਿਖਿਲ ਨੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਖ਼ਿਲਾਫ਼ ਭਾਰਤੀ ਸਰਕਾਰੀ ਕਰਮਚਾਰੀ ਨਾਲ ਮਿਲ ਕੇ ਸਾਜ਼ਿਸ਼ ‘ਚ ਹਿੱਸਾ ਲਿਆ ਸੀ। ਦੱਸਿਆ ਜਾਂਦਾ ਹੈ ਕਿ ਕਥਿਤ ਪੀੜਤ ਦਾ ਨਾਂ ਅਮਰੀਕੀ ਤੇ ਕੈਨੇਡਿਆਈ ਨਾਗਰਿਕਤਾ ਵਾਲਾ ਵਕੀਲ ਗੁਰਪਤਵੰਤ ਸਿੰਘ ਪੰਨੂ ਹੈ, ਜੋ ਨਿਊਯਾਰਕ ‘ਚ ਰਹਿੰਦਾ ਹੈ ਤੇ ਸਿੱਖਜ਼ ਫਾਰ ਜਸਟਿਸ ਦੀ ਅਗਵਾਈ ਕਰਦਾ ਹੈ।