#PUNJAB

ਪੰਜਾਬ Police ਵੱਲੋਂ ਕੀਰਤਪੁਰ ਸਾਹਿਬ ਵਿਖੇ ਫੌਜ ਦੇ ਜਵਾਨਾਂ ‘ਤੇ ਹਮਲਾ ਕਰਨ ਵਾਲੇ ਚਾਰ ਮੁਲਜ਼ਮ ਗ੍ਰਿਫਤਾਰ

ਪੰਜ ਹੋਰ ਮੁਲਜ਼ਮਾਂ ਦੀ ਪਛਾਣ, ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਜਾਰੀ
ਚੰਡੀਗੜ੍ਹ, 14 ਮਾਰਚ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਕੀਰਤਪੁਰ ਸਾਹਿਬ ਦੇ ਅਲਪਾਈਨ ਢਾਬਾ ਵਿਖੇ ਫੌਜ ਦੇ ਜਵਾਨਾਂ ‘ਤੇ ਸੋਮਵਾਰ ਨੂੰ ਹੋਏ ਹਮਲੇ ਦੇ ਮਾਮਲੇ ਵਿੱਚ ਦੋ ਮੁੱਖ ਅਪਰਾਧੀਆਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜੈਕਰ ਸਿੰਘ (ਅਲਪਾਈਨ ਢਾਬੇ ਦੇ ਮਾਲਕ ਦਾ ਪੁੱਤਰ), ਢਾਬਾ ਮੈਨੇਜਰ ਮਨਪ੍ਰੀਤ ਸਿੰਘ ਅਤੇ ਦੋ ਵੇਟਰਾਂ ਰਜਨੀਸ਼ ਕੁਮਾਰ ਅਤੇ ਤਨਈ ਕੁਮਾਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ 17 ਫੌਜੀ ਜਵਾਨਾਂ ਦਾ ਇੱਕ ਜਥਾ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਵਿਖੇ ਸਿਸੂ ਤੋਂ ਅਲਟਰਾ ਮੈਰਾਥਨ ਜਿੱਤ ਕੇ ਵਾਪਸ ਆ ਰਿਹਾ ਸੀ, ਜਿਹਨਾਂ ‘ਤੇ ਕੀਰਤਪੁਰ ਸਾਹਿਬ ਦੇ ਅਲਪਾਈਨ ਢਾਬਾ ਵਿਖੇ ਹਮਲਾ ਕਰ ਦਿੱਤਾ ਗਿਆ।
ਇਸ ਘਟਨਾ ਵਿੱਚ ਫੌਜ ਦੇ 6 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰੂਪਨਗਰ ਵਿਖੇ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਬਾਅਦ ਵਿੱਚ ਕਮਾਂਡ ਹਸਪਤਾਲ ਚੰਡੀਮੰਦਰ ਵਿਖੇ ਤਬਦੀਲ ਕਰ ਦਿੱਤਾ ਗਿਆ। ਫੌਜ ਦੇ ਜਵਾਨਾਂ ਨੇ ਸੰਜਮ ਤੋਂ ਕੰਮ ਲੈਂਦਿਆਂ ਇਸ ਮੁੱਦੇ ਨੂੰ ਅੱਗੇ ਨਹੀਂ ਵਧਾਇਆ।
ਪੰਜਾਬ ਪੁਲਿਸ ਵੱਲੋਂ ਇਸ ਕੇਸ ਵਿੱਚ ਤੁਰੰਤ ਕਾਰਵਾਈ ਕਰਦਿਆਂ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 307, 323, 341, 506, 148 ਅਤੇ 149 ਤਹਿਤ ਐਫਆਈਆਰ ਦਰਜ ਕੀਤੀ ਗਈ। ਇਸ ਤੋਂ ਬਾਅਦ ਹੋਰ ਸਬੂਤਾਂ ਦੇ ਆਧਾਰ ‘ਤੇ ਆਈਪੀਸੀ ਦੀ ਧਾਰਾ 397 ਤਹਿਤ ਸ਼ੱਕੀ ਵਿਅਕਤੀਆਂ ਵਿਰੁੱਧ ਇੱਕ ਸਪਲੀਮੈਂਟਰੀ ਐਫਆਈਆਰ ਵੀ ਦਰਜ ਕੀਤੀ ਗਈ।
ਪੁਲੀਸ ਨੇ ਇਸ ਮਾਮਲੇ ਵਿੱਚ ਸ਼ਾਮਲ ਪੰਜ ਹੋਰ ਮੁਲਜ਼ਮਾਂ ਦੀ ਵੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਲਪਾਈਨ ਢਾਬਾ ਨੂੰ ਵੀ ਜਾਂਚ ਲਈ ਸੀਲ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ, ਸੂਬਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇਜ਼ੀ ਨਾਲ ਕੰਮ ਕਰ ਰਹੇ ਹਨ। ਫੌਜ ਦੇ ਅਧਿਕਾਰੀਆਂ ਨੂੰ ਸਾਰੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਗਿਆ ਅਤੇ ਸੈਨਿਕਾਂ ‘ਤੇ ਬਿਨਾਂ ਭੜਕਾਹਟ ਕੀਤੇ ਗਏ ਹਮਲੇ ਦੌਰਾਨ ਉਹਨਾਂ ਵੱਲੋਂ ਦਿਖਾਏ ਗਏ ਸੰਜਮ ਦੀ ਵੀ ਡੂੰਘੀ ਪ੍ਰਸ਼ੰਸਾ ਕੀਤੀ ਗਈ।
ਸੂਬਾ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਸੂਬੇ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਾਰੇ ਸੈਨਿਕਾਂ ਦੀ ਭਲਾਈ ਲਈ ਵਚਨਬੱਧ ਹੈ। ਸੂਬਾ ਸਰਕਾਰ ਸੈਨਿਕਾਂ ਅਤੇ ਭਾਰਤੀ ਫੌਜ ਦਾ ਬਹੁਤ ਸਤਿਕਾਰ ਕਰਦੀ ਹੈ। ਪੰਜਾਬ ਪੁਲਿਸ ਨੇ ਜ਼ਖਮੀਆਂ ਨਾਲ ਹਮਦਰਦੀ ਜਤਾਉਂਦਿਆਂ ਦੋਸ਼ੀ ਵਿਅਕਤੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ।