– ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਵੱਲੋਂ ਕੰਟਰੋਲ ਰੂਮ ਦਾ ਨਿਰੀਖਣ
– ਸ਼ਿਕਾਇਤਕਰਤਾਵਾਂ ਨਾਲ ਖੁਦ ਗੱਲ ਕਰਕੇ ਉਨ੍ਹਾਂ ਦੇ ਮਾਮਲਿਆਂ ਬਾਰੇ ਲਈ ਜਾਣਕਾਰੀ
ਚੰਡੀਗੜ੍ਹ, 13 ਮਾਰਚ (ਪੰਜਾਬ ਮੇਲ)- ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਰੇ ਪ੍ਰਵਾਸੀ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹਰੇਕ ਪ੍ਰਵਾਸੀ ਪੰਜਾਬੀ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਵਾਸੀ ਪੰਜਾਬੀ ਨੂੰ ਜੇਕਰ ਪੰਜਾਬ ਵਿਚ ਕਿਸੇ ਮੁਸੀਬਤ ਜਾਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਬੇਝਿਜਕ ਆਪਣੀ ਸ਼ਿਕਾਇਤ ਦਰਜ ਕਰਵਾਵੇ। ਹਰੇਕ ਸਮੱਸਿਆ ਦਾ ਹੱਲ ਸਮਾਂਬੱਧ ਤਰੀਕੇ ਨਾਲ ਕੱਢਿਆ ਜਾਵੇਗਾ।
ਅੱਜ ਉਨ੍ਹਾਂ ਚੰਡੀਗੜ੍ਹ ਸਥਿਤ ਐਨ.ਆਰ.ਆਈ ਕੰਟਰੋਲ ਰੂਮ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਨ.ਆਰ.ਆਈ ਵਿਭਾਗ ਦੇ ਪ੍ਰਮੁੱਖ ਸਕੱਤਰ ਜੇ. ਬਾਲਾਮੁਰਗਨ ਅਤੇ ਏ.ਡੀ.ਜੀ.ਪੀ., ਐਨ.ਆਰ.ਆਈ ਮਾਮਲੇ, ਪੰਜਾਬ ਪੁਲਿਸ ਪ੍ਰਵੀਨ ਕੁਮਾਰ ਸਿਨ੍ਹਾ ਵੀ ਹਾਜ਼ਰ ਸਨ। ਧਾਲੀਵਾਲ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀ ਆਪਣੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਵੱਟਸਐਪ ਨੰਬਰ 93093-88088 ‘ਤੇ ਦਰਜ ਕਰਵਾ ਸਕਦੇ ਹਨ। ਦਰਜ ਹੋਈ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਸ਼ਿਕਾਇਤ ਨੂੰ ਸਬੰਧਤ ਵਿਭਾਗ ਜਾਂ ਅਫਸਰ ਨੂੰ ਭੇਜ ਦਿੱਤਾ ਜਾਂਦਾ ਹੈ। ਸ਼ਿਕਾਇਤ ਦਾ ਫਾਲੋਅੱਪ ਵੀ ਕੀਤਾ ਜਾਂਦਾ ਹੈ ਅਤੇ ਸ਼ਿਕਾਇਤਕਰਤਾ ਤੋਂ ਉਸਦੀ ਫੀਡਬੈਕ ਵੀ ਪ੍ਰਾਪਤ ਕੀਤੀ ਜਾਂਦੀ ਹੈ।
ਮੌਕੇ ‘ਤੇ ਹੀ ਧਾਲੀਵਾਲ ਨੇ ਅਜਿਹੇ ਬਹੁਤ ਸਾਰੇ ਸ਼ਿਕਾਇਤਕਰਤਾਵਾਂ ਨਾਲ ਖੁਦ ਫੋਨ ‘ਤੇ ਗੱਲਬਾਤ ਕੀਤੀ ਜਿਨ੍ਹਾਂ ਨੇ ਆਪਣੀ ਸਮੱਸਿਆ ਜਾਂ ਤਾਂ ਕਿਸੇ ਐਨ.ਆਰ.ਆਈ ਸੰਮੇਲਨ ਦੌਰਾਨ ਦੱਸੀ ਸੀ ਜਾਂ ਕੰਟਰੋਲ ਰੂਮ ਵਿਚ ਦਰਜ ਕਰਵਾਈ ਸੀ। ਸ਼ਿਕਾਇਤਕਰਤਾਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੁਦ ਨਿੱਜੀ ਦਿਲਚਸਪੀ ਵਿਖਾਈ ਹੈ।
ਇਸ ਮੌਕੇ ਧਾਲੀਵਾਲ ਨੇ ਹਾਜ਼ਰ ਅਫਸਰਾਂ ਨੂੰ ਹਦਾਇਤ ਕੀਤੀ ਕਿ ਜਿਹੜੇ ਮਾਮਲੇ ਕਿਸੇ ਅਦਾਲਤ ਵਿਚ ਸੁਣਵਾਈ ਅਧੀਨ ਹਨ, ਉਨ੍ਹਾਂ ਨੂੰ ਛੱਡ ਕੇ ਬਾਕੀ ਸਾਰੇ ਮਾਮਿਲਆਂ ਨੂੰ ਸਮਾਂਬੱਧ ਤਰੀਕੇ ਨਾਲ ਨਿਪਟਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਵਾਸੀ ਪੰਜਾਬੀ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ। ਬਹੁਤ ਜਲਦ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਇਕ ਮੀਟਿੰਗ ਵੀ ਕੀਤੀ ਜਾਵੇਗੀ।
ਇਸ ਦੌਰਾਨ ਧਾਲੀਵਾਲ ਨੇ ਸਾਰੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦੀ ਅਪੀਲ ਕੀਤੀ। ਧਾਲੀਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਬਾਹਰਲੇ ਦੇਸ਼ਾਂ ਵਿਚ ਕਾਮਯਾਬੀਆਂ ਹਾਸਲ ਕਰਨ ਵਾਲੇ ਪੰਜਾਬੀ ਆਪਣੇ ਸੂਬੇ ਦੀ ਤਰੱਕੀ ਵਿਚ ਵੀ ਯੋਗਦਾਨ ਪਾਉਣ। ਇਸ ਮਕਸਦ ਲਈ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰੇਗੀ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ।
ਇਸ ਦਿਸ਼ਾ ਵਿੱਚ ਇਕ ਕਦਮ ਹੋਰ ਪੁੱਟਦਿਆਂ ਹੋਇਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ’ਤੇ ਤਕਰੀਬਨ 6.90 ਕਰੋੜ ਰੁਪਏ ਦਾ ਖਰਚਾ ਕਰਨ ਦਾ ਫੈਸਲਾ ਲਿਆ ਹੈ।
ਇਸ ਗੱਲ ਦਾ ਖੁਲਾਸਾ ਕਰਦਿਆਂ, ਕੈਬਨਿਟ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸੀਐਨਜੀ ਅਧਾਰਤ ਸ਼ਮਸ਼ਾਨਘਾਟ ਪ੍ਰਦਾਨ ਕਰਨਾ ਅਤੇ ਸਥਾਪਿਤ ਕਰਨ ਦੇ ਨਾਲ ਨਾਲ ਹਰ ਪੱਖੋਂ ਸ਼ਮਸ਼ਾਨ ਘਾਟ ਦੇ ਸੁਧਾਰ ਲਈ ਕਰੀਬ 3.91 ਕਰੋੜ ਖਰਚ ਕੀਤੇ ਜਾ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਫੇਜ਼-2 ਅਧੀਨ ਗੁਰੂ ਅਮਰਦਾਸ ਐਵੀਨਿਊ ਵਾਰਡ ਨੰਬਰ 3 ਦੀਆਂ ਵੱਖ-ਵੱਖ ਗਲੀਆਂ ਦੀ ਮੁੜ-ਕੰਡੀਸ਼ਨਿੰਗ ਅਤੇ ਵਿਕਾਸ ਲਈ 48.50 ਲੱਖ ਰੁਪਏ ਖ਼ਰਚਣ ਦਾ ਫੈਸਲਾ ਲਿਆ ਗਿਆ ਹੈ।
ਕੈਬਨਿਟ ਮੰਤਰੀ, ਡਾ.ਨਿੱਜਰ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਦੱਖਣੀ ਹਲਕੇ ਦੇ ਪੰਡੂਰਾ ਸੁਲਤਾਨਵਿੰਡ ਦੇ 6 ਵਾਰਡ ਵਿੱਚ 15 ਪਾਰਕਾਂ ਦਾ ਪੁਨਰ ਵਿਕਾਸ ਅਤੇ ਸੁੰਦਰੀਕਰਨ ਕਰਨ ਲਈ ਤਕਰੀਬਨ 1.51 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਰੀਬ 1.00 ਕਰੋੜ ਰੁਪਏ ਤੋਂ ਵੱਧ ਦੇ ਹੋਰ ਵਿਕਾਸ ਕਾਰਜ ਕੀਤੇ ਜਾਣਗੇ।
ਸਥਾਨਕ ਸਰਕਾਰਾਂ ਬਾਰੇ ਮੰਤਰੀ, ਡਾ.ਨਿੱਜਰ ਨੇ ਕਿਹਾ ਕਿ ਵਿਭਾਗ ਵੱਲੋਂ ਇਨ੍ਹਾਂ ਕਾਰਜਾਂ ਲਈ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਕੰਮਾਂ ਲਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਵੈੱਬਸਾਈਟ www.eproc.punjab.gov.in ’ਤੇ ਟੈਂਡਰ ਅਪਲੋਡ ਕਰ ਦਿੱਤੇ ਗਏ ਹਨ। ਜੇ ਟੈਂਡਰਾਂ ਵਿੱਚ ਕਿਸੇ ਕਿਸਮ ਦੀ ਸੋਧ ਕਰਨ ਦੀ ਜ਼ਰੂਰਤ ਹੋਵੇਗੀ ਤਾਂ ਜਾਣਕਾਰੀ ਇਸੇ ਵੈਬਸਾਈਟ ’ਤੇ ਉਪਲਬਧ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਲਈ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਭ੍ਰਿਸ਼ਟਾਚਾਰ ਕਰਦਾ ਫੜ੍ਹਿਆ ਜਾਂਦਾ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ।
ਕੈਬਨਿਟ ਮੰਤਰੀ, ਡਾ.ਨਿੱਜਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵਿਭਾਗ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਯਕੀਨੀ ਬਣਾਈ ਜਾਵੇ।