‘ਆਪ’ ਵਾਲੰਟੀਅਰਾਂ ਨੂੰ ਸੌਂਪੀਆਂ ਜਾ ਸਕਦੀਆਂ ਨੇ ਅਹਿਮ ਜ਼ਿੰਮੇਵਾਰੀਆਂ
ਚੰਡੀਗੜ੍ਹ, 4 ਜੁਲਾਈ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਸੂਬੇ ਵਿਚ ਬੋਰਡਾਂ ਅਤੇ ਨਿਗਮਾਂ ਦੇ ਖਾਲੀ ਪਏ ਅਹੁਦੇ ਭਰਨ ਦੀ ਤਿਆਰੀ ਕਰ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਦਿਨ ਪਹਿਲਾਂ ਅਜਿਹੇ ਬੋਰਡਾਂ ਅਤੇ ਨਿਗਮਾਂ ਦੀ ਰਿਪੋਰਟ ਮੰਗੀ ਸੀ, ਜਿਨ੍ਹਾਂ ਦੀ ਚੇਅਰਮੈਨੀ ਅਤੇ ਮੈਂਬਰਾਂ ਦੇ ਅਹੁਦੇ ਖਾਲੀ ਪਏ ਹਨ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦਫ਼ਤਰ ਕੋਲ ਇਹ ਰਿਪੋਰਟ ਪੁੱਜ ਗਈ ਹੈ ਅਤੇ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਮਗਰੋਂ ਬੋਰਡਾਂ ਅਤੇ ਨਿਗਮਾਂ ਵਿਚ ਨਵੇਂ ਚੇਅਰਮੈਨ ਤੇ ਮੈਂਬਰ ਆਦਿ ਲਗਾਏ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਸੰਗਰੂਰ ਜ਼ਿਲ੍ਹੇ ‘ਚ ਪਿਛਲੇ ਦਿਨੀਂ ਇੱਕ ਸਮਾਗਮ ਦੌਰਾਨ ਕਿਹਾ ਸੀ ਕਿ ਜਲਦੀ ‘ਆਪ’ ਵਾਲੰਟੀਅਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਬੇਸ਼ੱਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਅੰਦਰ ਵਾਲੰਟੀਅਰਾਂ ਨੂੰ ਅਹੁਦੇ ਦਿੱਤੇ ਗਏ ਸਨ ਅਤੇ ਜ਼ਿਲ੍ਹਾ ਪੱਧਰੀ ਅਦਾਰਿਆਂ ਵਿਚ ‘ਆਪ’ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ ਪਰ ਹਾਲੇ ਵੀ ਸੂਬਾ ਪੱਧਰੀ ਬੋਰਡਾਂ ਅਤੇ ਨਿਗਮਾਂ ਵਿਚ ਅਹੁਦੇ ਖਾਲੀ ਪਏ ਹਨ। ਸੂਤਰਾਂ ਮੁਤਾਬਕ ਆਗਾਮੀ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਅਤੇ ਪੰਚਾਇਤੀ ਤੇ ਨਗਰ ਨਿਗਮਾਂ ਦੀਆਂ ਚੋਣਾਂ ਤੋਂ ਪਹਿਲਾਂ ‘ਆਪ’ ਆਗੂਆਂ ਨੂੰ ਬੋਰਡਾਂ ਤੇ ਨਿਗਮਾਂ ਵਿਚ ਥਾਂ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦੀ ਭੂਮਿਕਾ ਵਧਾਈ ਜਾ ਸਕੇ। ‘ਆਪ’ ਦੇ ਸੀਨੀਅਰ ਵਾਲੰਟੀਅਰਾਂ ਨੂੰ ਅਡਜਸਟ ਕੀਤੇ ਜਾਣ ਦੀ ਸੰਭਾਵਨਾ ਹੈ। ਬਹੁਤ ਸਾਰੇ ਸੂਬਾ ਪੱਧਰੀ ਕਮਿਸ਼ਨਾਂ ਦੇ ਅਹੁਦੇ ਵੀ ਖਾਲੀ ਪਏ ਹਨ। ਕਈ ਆਈ.ਏ.ਐੱਸ. ਅਧਿਕਾਰੀ ਵੀ ਆਉਂਦੇ ਮਹੀਨਿਆਂ ਦੌਰਾਨ ਸੇਵਾਮੁਕਤ ਹੋਣ ਵਾਲੇ ਹਨ, ਜਿਨ੍ਹਾਂ ਦੀ ਅੱਖ ਇਨ੍ਹਾਂ ਕਮਿਸ਼ਨਾਂ ‘ਤੇ ਲੱਗੀ ਹੋਈ ਹੈ।
ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਨਾਮੀ ਸਾਹਿਤਕਾਰ ਜਸਵੰਤ ਸਿੰਘ ਜ਼ਫ਼ਰ ਨੂੰ ਭਾਸ਼ਾ ਵਿਭਾਗ ਦਾ ਡਾਇਰੈਕਟਰ ਲਾਇਆ ਹੈ। ਮੁੱਖ ਮੰਤਰੀ ਨੇ ਭਾਸ਼ਾ ਵਿਭਾਗ ਦੀ ਡਾਇਰੈਕਟਰੀ ਸਾਹਿਤਕਾਰਾਂ ਦੇ ਹਵਾਲੇ ਕਰ ਕੇ ਪੁਰਾਣੀ ਪਿਰਤ ਨੂੰ ਬਹਾਲ ਕਰ ਦਿੱਤਾ ਹੈ। ਭਾਸ਼ਾ ਵਿਭਾਗ ਦੇ ਸ਼ੁਰੂਆਤੀ ਦੌਰ ਵਿਚ ਇਸ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ, ਜੀਤ ਸਿੰਘ ਸੀਤਲ ਅਤੇ ਕਪੂਰ ਸਿੰਘ ਘੁੰਮਣ ਵਰਗੇ ਕਲਮ ਦੇ ਧਨੀ ਰਹੇ ਹਨ।
ਪੰਜਾਬੀ ‘ਵਰਸਿਟੀ ਦਾ ਵੀ. ਸੀ. ਲਾਏ ਜਾਣ ਦਾ ਅਮਲ ਸ਼ੁਰੂ
ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦਾ ਉਪ-ਕੁਲਪਤੀ ਲਗਾਏ ਜਾਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਉਚੇਰੀ ਸਿੱਖਿਆ ਵਿਭਾਗ ਨੇ ਉਪ-ਕੁਲਪਤੀ ਦੀ ਅਸਾਮੀ ਲਈ ਅਰਜ਼ੀਆਂ ਮੰਗ ਲਈਆਂ ਹਨ ਅਤੇ ਦਰਖਾਸਤਾਂ ਦੇਣ ਦੀ ਆਖ਼ਰੀ ਤਰੀਕ 22 ਜੁਲਾਈ ਰੱਖੀ ਗਈ ਹੈ। ਪੰਜਾਬੀ ‘ਵਰਸਿਟੀ ਦਾ ਆਰਜ਼ੀ ਚਾਰਜ ਇਸ ਵੇਲੇ ਉਚੇਰੀ ਸਿੱਖਿਆ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਕੋਲ ਹੈ।