#PUNJAB

ਪੰਜਾਬ ਸਰਕਾਰ ਵੱਲੋਂ ਨਿਗਮ ਚੋਣਾਂ ਜਲਦ ਕਰਵਾਉਣ ਦਾ ਜਲਦ ਹੋ ਸਕਦੈ ਐਲਾਨ!

-ਜ਼ਿਮਨੀ-ਚੋਣਾਂ ਤੋਂ ਪਹਿਲਾਂ ਨਿਗਮ ਚੋਣਾਂ ਕਰਵਾਉਣ ਬਾਰੇ ਕੀਤਾ ਜਾ ਰਿਹੈ ਵਿਚਾਰ
ਜਲੰਧਰ, 16 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ‘ਚ ਕਾਰਪੋਰੇਸ਼ਨ ਚੋਣਾਂ ਸਤੰਬਰ ਦੇ ਅਖੀਰ ਜਾਂ ਅਕਤੂਬਰ ਦੇ ਸ਼ੁਰੂ ‘ਚ ਕਰਵਾਏ ਜਾਣ ‘ਤੇ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਅੰਤਿਮ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਏ ਜਾਣ ਦੇ ਆਸਾਰ ਹਨ।
ਮੁੱਖ ਮੰਤਰੀ ਵੱਲੋਂ ਆਪਣੇ ਕੈਬਨਿਟ ਸਾਥੀਆਂ ਨਾਲ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੂੰ ਇਹੀ ਸਲਾਹ ਦਿੱਤੀ ਜਾ ਰਹੀ ਹੈ ਕਿ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਉਪ-ਚੋਣ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਹੁਣ ਪਾਰਟੀ ਵਾਲੰਟੀਅਰਾਂ ਦਾ ਮਨੋਬਲ ਉੱਚਾ ਹੈ ਅਤੇ ਇਸ ਦਾ ਲਾਭ ਤੁਰੰਤ ਉਠਾਇਆ ਜਾਣਾ ਚਾਹੀਦਾ ਹੈ। ਜਲੰਧਰ ਵੈਸਟ ਉਪ-ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਜਿੱਤੀ ਸੀ। ਪਾਰਟੀ ਨੇਤਾਵਾਂ ਦਾ ਮੰਨਣਾ ਹੈ ਕਿ ਕਾਰਪੋਰੇਸ਼ਨ ਚੋਣਾਂ ਜਲਦ ਕਰਵਾਉਣ ਦਾ ਫੈਸਲਾ ਸਰਕਾਰ ਵੱਲੋਂ ਲਿਆ ਜਾ ਸਕਦਾ ਹੈ। ਮੁੱਖ ਮੰਤਰੀ ਦੀ ਵੀ ਇਹੀ ਇੱਛਾ ਹੈ ਕਿ ਇਹ ਚੋਣਾਂ ਜਲਦ ਹੋਣੀਆਂ ਚਾਹੀਦੀਆਂ ਹਨ।
ਸਰਕਾਰ ਸੂਬੇ ਵਿਚ 4 ਵਿਧਾਨ ਸਭਾ ਸੀਟਾਂ ਦੀਆਂ ਉਪ-ਚੋਣਾਂ ਤੋਂ ਪਹਿਲਾਂ ਕਾਰਪੋਰੇਸ਼ਨ ਚੋਣਾਂ ਕਰਵਾਉਣ ‘ਤੇ ਵਿਚਾਰ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਕਾਰਪੋਰੇਸ਼ਨ ਚੋਣਾਂ ਜਿੱਤ ਕੇ ਪਾਰਟੀ ਇਸ ਦਾ ਅਸਰ 4 ਵਿਧਾਨ ਸਭਾ ਸੀਟਾਂ ਉੱਪਰ ਪਾ ਸਕਦੀ ਹੈ। ਪਾਰਟੀ ਇਸ ਦਾ ਲਾਭ ਚਾਰੇ ਉਪ-ਚੋਣਾਂ ਵਿਚ ਉਠਾ ਸਕਦੀ ਹੈ ਕਿਉਂਕਿ ਉਪ-ਚੋਣਾਂ ਵੀ ਸਰਕਾਰ ਲਈ ਵੱਕਾਰ ਦਾ ਸਵਾਲ ਬਣਨ ਵਾਲੀਆਂ ਹਨ।