#PUNJAB

ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਹਾੜ੍ਹੀ ਦੀਆਂ ਫ਼ਸਲਾਂ ਲਈ M.S.P. ਦੀ ਤਜਵੀਜ਼ ਭੇਜੀ

ਕਣਕ ਦਾ ਭਾਅ 3104 ਰੁਪਏ ਕੁਇੰਟਲ ਮਿਥਣ ਦੀ ਸਿਫਾਰਸ਼
ਚੰਡੀਗੜ੍ਹ, 16 ਮਈ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਹਾੜ੍ਹੀ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਸਿਫ਼ਾਰਸ਼ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ। ਸੂਬਾ ਸਰਕਾਰ ਨੇ ਪੈਦਾਵਾਰੀ ਲਾਗਤਾਂ ਨੂੰ ਆਧਾਰ ਬਣਾ ਕੇ ਵਰ੍ਹਾ 2025-26 ਲਈ ਕਣਕ ਦਾ ਭਾਅ 3104 ਰੁਪਏ ਪ੍ਰਤੀ ਕੁਇੰਟਲ ਕੀਤੇ ਜਾਣ ਦੀ ਮੰਗ ਕੀਤੀ ਹੈ, ਜਦੋਂਕਿ 2024-25 ਵਿਚ 3077 ਰੁਪਏ ਪ੍ਰਤੀ ਕੁਇੰਟਲ ਭਾਅ ਦੀ ਸਿਫ਼ਾਰਸ਼ ਕੀਤੀ ਗਈ ਸੀ। ਮੌਜੂਦਾ ਹਾੜ੍ਹੀ ਸੀਜ਼ਨ ‘ਚ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2275 ਰੁਪਏ ਪ੍ਰਤੀ ਕੁਇੰਟਲ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਹਾੜ੍ਹੀ-ਸਾਉਣੀ ਦੇ ਸੀਜ਼ਨ ਦੀਆਂ ਫ਼ਸਲਾਂ ਦੇ ਲਾਗਤ ਖ਼ਰਚਿਆਂ ਨੂੰ ਆਧਾਰ ਬਣਾ ਕੇ ਕੇਂਦਰ ਸਰਕਾਰ ਤੋਂ ਘੱਟੋ-ਘੱਟ ਸਮਰਥਨ ਮੁੱਲ ਮਿਥੇ ਜਾਣ ਦੀ ਮੰਗ ਕੀਤੀ ਜਾਂਦੀ ਹੈ ਪਰ ਕੇਂਦਰ ਸਰਕਾਰ ਨੇ ਸੂਬਾਈ ਸਿਫ਼ਾਰਸ਼ਾਂ ਨੂੰ ਕਦੇ ਵੀ ਅਮਲ ‘ਚ ਨਹੀਂ ਲਿਆਂਦਾ। ਸੂਬਾ ਸਰਕਾਰ ਵੱਲੋਂ ਭੇਜੀ ਗਈ ਸਿਫ਼ਾਰਸ਼ ਅਨੁਸਾਰ ਜੌਂਅ ਦੀ ਫ਼ਸਲ ਦਾ ਭਾਅ 2540 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾਣ ਦੀ ਸਿਫ਼ਾਰਸ਼ ਕੀਤੀ ਹੈ, ਜਿਸ ਦਾ ਪਿਛਲੇ ਵਰ੍ਹੇ ਸਰਕਾਰੀ ਭਾਅ 1850 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਸੀ।
ਇਸੇ ਤਰ੍ਹਾਂ ਛੋਲਿਆਂ ਦੀ ਫ਼ਸਲ ਦਾ ਸਰਕਾਰੀ ਭਾਅ 6765 ਰੁਪਏ ਪ੍ਰਤੀ ਕੁਇੰਟਲ ਕੀਤੇ ਜਾਣ ਦੀ ਮੰਗ ਉਠਾਈ ਹੈ, ਜਦੋਂ ਕਿ ਮੌਜੂਦਾ ਭਾਅ 5440 ਰੁਪਏ ਪ੍ਰਤੀ ਕੁਇੰਟਲ ਹੈ। ਸਰ੍ਹੋਂ ਦੀ ਫ਼ਸਲ ਦਾ ਭਾਅ 6770 ਰੁਪਏ ਪ੍ਰਤੀ ਕੁਇੰਟਲ ਮੰਗਿਆ ਗਿਆ ਹੈ ਅਤੇ ਮੌਜੂਦਾ ਭਾਅ 5650 ਰੁਪਏ ਪ੍ਰਤੀ ਕੁਇੰਟਲ ਹੈ। ਹਾਲਾਂਕਿ ਪੰਜਾਬ ਵਿਚ ਜੌਂ, ਛੋਲੇ ਅਤੇ ਤੇਲ ਬੀਜ ਆਦਿ ਫ਼ਸਲਾਂ ਦੀ ਕਾਸ਼ਤ ਕਾਫ਼ੀ ਘੱਟ ਹੁੰਦੀ ਹੈ। ਇਨ੍ਹਾਂ ਫ਼ਸਲਾਂ ਹੇਠ ਰਕਬਾ ਘੱਟ ਹੋਣ ਕਰਕੇ ਰਾਜਸਥਾਨ ਦੀਆਂ ਪੈਦਾਵਾਰੀ ਲਾਗਤਾਂ ਨੂੰ ਅਧਾਰ ਬਣਾਇਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਰਾਜਸਥਾਨ ਦੀ ਲਾਗਤ ਨਾਲੋਂ 10 ਫ਼ੀਸਦੀ ਵਾਧਾ ਕਰਨ ਤੋਂ ਇਲਾਵਾ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ 50 ਫ਼ੀਸਦੀ ਮਾਰਜਨ ਜੋੜ ਕੇ ਮੁੱਲ ਤਿਆਰ ਕੀਤਾ ਜਾਂਦਾ ਹੈ। ਹਾਲਾਂਕਿ ਕੇਂਦਰ ਵੱਲੋਂ ਸੂਬਿਆਂ ਦੀ ਮੰਗ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ। ਬੀਤੇ ਵਰ੍ਹੇ ਕੇਂਦਰ ਨੇ ਕਣਕ ਦੇ ਭਾਅ ‘ਚ ਸਿਰਫ਼ 150 ਰੁਪਏ ਦਾ ਵਾਧਾ ਕੀਤਾ ਸੀ।