– ਚੰਡੀਗੜ੍ਹ ਧਰਨੇ ‘ਚ ਸ਼ਾਮਲ ਹੋਏ ”ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ” ਦੇ ਸੂਬਾ ਕਮੇਟੀ ਮੈਂਬਰ
– ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਸੰਘਰਸ਼ ਸੜਕਾਂ ਤੋਂ ਸਦਨਾਂ ਤੱਕ ਲਿਜਾਇਆ ਜਾਵੇਗਾ
ਹੁਸ਼ਿਆਰਪੁਰ, 5 ਜਨਵਰੀ (ਤਰਸੇਮ ਦੀਵਾਨਾ/ਪੰਜਾਬ ਮੇਲ)- ਲੋਕਾਂ ਦੇ ਹੱਕ ਅਤੇ ਸੰਵਿਧਾਨਿਕ ਅਦਾਰਿਆਂ ਦੀ ਆਜ਼ਾਦ ਹਸਤੀ ਬਰਕਰਾਰ ਰੱਖਣ ਲਈ ਪੱਤਰਕਾਰਾਂ ਅਤੇ ਆਰ.ਟੀ.ਆਈ. ਐਕਟਿਵਸਟਾਂ ਵੱਲੋਂ ਬੁਲੰਦ ਕੀਤੀ ਜਾਂਦੀ ਆਵਾਜ਼ ਨੂੰ ਦਬਾਉਣ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਦਬਾਊ ਨੀਤੀਆਂ ਅਤੇ ਲੋਕ ਮਾਰੂ ਫੈਸਲਿਆਂ ਦੇ ਵਿਰੁੱਧ ਪੰਜਾਬ ਭਰ ਤੋਂ ਪੱਤਰਕਾਰ, ਪੱਤਰਕਾਰਾਂ ਅਤੇ ਆਰ.ਟੀ.ਆਈ. ਐਕਟੀਵਿਸਟਾਂ ਦਾ ਸੈਲਾਬ ਸੜਕਾਂ ਉੱਪਰ ਆ ਗਿਆ ਹੈ। ਪੰਜਾਬ ਦੇ ਹਰ ਵਰਗ ਦੇ ਲੋਕਾਂ ਵੱਲੋਂ ਉਠਾਈ ਆਵਾਜ਼ ਦੇ ਚਲਦਿਆਂ ਚੰਡੀਗੜ੍ਹ ਦੇ ਸੈਕਟਰ 17 ਵਿਚ ਮਨਿੰਦਰਜੀਤ, ਮਨਿਕ ਗੋਇਲ, ਮਿੰਟੂ ਗੁਰੂਸਰੀਆ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਰਜਿ. ਇੰਡੀਆ ਦੇ ਸੂਬਾ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ, ਤਰਸੇਮ ਦੀਵਾਨਾ ਜੁਆਇੰਟ ਸਕੱਤਰ ਇੰਡੀਆ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਅਸ਼ਵਨੀ ਸ਼ਰਮਾ ਸੀਨੀਅਰ ਉਪ ਪ੍ਰਧਾਨ ਪੰਜਾਬ, ਦਲਵਿੰਦਰ ਸਿੰਘ ਮਨੋਚਾ ਐਗਜ਼ੇਕਟਿਵ ਮੈਂਬਰ ਅਤੇ ਹੋਰ ਪ੍ਰਮੁੱਖ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀਆਂ ਭਰੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ ਅਤੇ ਤਰਸੇਮ ਦੀਵਾਨਾ ਨੇ ਦੱਸਿਆ ਕਿ ਇਸ ਧਰਨੇ ਵਿਚ ਪੰਜਾਬ ਭਰ ਤੋਂ ਪੱਤਰਕਾਰ, ਆਰ.ਟੀ.ਆਈ. ਐਕਟਿਵਿਸਟ, ਕਿਸਾਨ, ਬੁੱਧੀਜੀਵੀ, ਸਮਾਜਿਕ ਅਤੇ ਰਾਜਨੀਤਿਕ ਆਗੂ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਧਰਨਾਕਾਰੀਆਂ ਨੇ ਹੱਥਾਂ ਵਿਚ ਤਖਤੀਆਂ, ਜ਼ੁਬਾਨਾਂ ‘ਤੇ ਨਾਅਰੇ ਅਤੇ ਦਿਲਾਂ ਵਿਚ ਗੁੱਸੇ ਦਾ ਸੈਲਾਬ ਲੈ ਕੇ ਅਖੌਤੀ ਬਦਲਾਅ ਵਾਲੀ ਸਰਕਾਰ ਦੀ ਮਾੜੀ ਨੀਤੀ ਪ੍ਰਤੀ ਰੱਜ ਕੇ ਗੁੱਸਾ ਕੱਢਿਆ। ਪੱਤਰਕਾਰਾਂ ਨੇ ਸਾਫ਼ ਕਹਿ ਦਿੱਤਾ ਕਿ ‘ਨਾ ਕਲਮ ਵਿਕੇਗੀ, ਨਾ ਸੱਚ ਝੁਕੇਗਾ’।
ਪ੍ਰਿੰ. ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਜਿਹੜੀ ਪਾਰਟੀ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਤੰਤਰ ਬਚਾਉਣ ਦੀ ਗੱਲ ਕਰਦੀ ਹੈ, ਓਹੀ ਪਾਰਟੀ ਸਰਕਾਰ ਬਣਾਉਣ ਤੋਂ ਬਾਅਦ ਸੱਚ ਬੋਲਣ ਵਾਲਿਆਂ ਨੂੰ ਧਮਕੀਆਂ, ਕੇਸਾਂ ਅਤੇ ਦਬਾਅ ਨਾਲ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਿਰਫ਼ ਪੱਤਰਕਾਰਾਂ ‘ਤੇ ਹਮਲਾ ਨਹੀਂ, ਇਹ ਸਿੱਧਾ ਲੋਕਤੰਤਰ ‘ਤੇ ਵਾਰ ਹੈ। ਜਿਸ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ‘ਸਾਮ, ਦਾਮ, ਦੰਡ, ਭੇਦ’ ਦੀ ਨੀਤੀ ਉੱਪਰ ਚੱਲਦੀ ਹੈ, ਤਾਂ ਜੋ ਆਪਣੇ ਵਿਰੁੱਧ ਉੱਠਣ ਵਾਲੀ ਹਰ ਆਵਾਜ਼ ਨੂੰ ਹਮੇਸ਼ਾਂ ਲਈ ਦਬਾਅ ਦਿੱਤਾ ਜਾਵੇ। ਇਸ ਰੋਸ ਪ੍ਰਦਰਸ਼ਨ ਦੌਰਾਨ ਆਪ ਸਰਕਾਰ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਗਈ ਕਿ ਜੇ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ, ਤਾਂ ਇਹ ਸੰਘਰਸ਼ ਸੜਕਾਂ ਤੋਂ ਲੈ ਕੇ ਸਦਨਾਂ ਤੱਕ ਲਿਜਾਇਆ ਜਾਵੇਗਾ। ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦਾ ਪੱਤਰਕਾਰ ਨਾ ਡਰਦਾ ਹੈ, ਨਾ ਵਿਕਦਾ ਹੈ, ਇਹ ਕੇਵਲ ਸੱਚ ਲਈ ਲੜਦਾ ਹੈ ਅਤੇ ਮਰਦੇ ਦਮ ਤੱਕ ਲੜਦਾ ਰਹੇਗਾ।
ਪੰਜਾਬ ਸਰਕਾਰ ਵਿਰੁੱਧ ਪੱਤਰਕਾਰਾਂ ਤੇ ਆਰ.ਟੀ.ਆਈ. ਐਕਟਿਵਸਟਾਂ ਦਾ ਆਇਆ ਸੈਲਾਬ

