#PUNJAB

ਪੰਜਾਬ ਸਰਕਾਰ ਨੇ ਕੇਜਰੀਵਾਲ ਦੇ ਪ੍ਰਚਾਰ ਲਈ ਇਕ ਹਫਤੇ ‘ਚ ਹੀ ਖਰਚੇ ਸਾਢੇ 6 ਕਰੋੜ ਰੁਪਏ

ਜਲੰਧਰ, 2 ਮਾਰਚ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ਦੇ ਪ੍ਰਚਾਰ ਲਈ ਇਕ ਹਫਤੇ ‘ਚ ਹੀ ਸਾਢੇ 6 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਹਨ ਤੇ ਇਹ ਪੈਸਾ ਕੇਵਲ ਅਰਵਿੰਦ ਕੇਜਰੀਵਾਲ ਨੂੰ ਰਾਸ਼ਟਰੀ ਚੈਨਲਾਂ ‘ਤੇ ਦਿਖਾਉਣ ਲਈ ਖਰਚਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੈਸਾ ਪੰਜਾਬ ਦੇ ਖਜ਼ਾਨੇ ‘ਚੋਂ ਕੌਮੀ ਪੱਧਰ ਦੇ ਵੱਖ-ਵੱਖ 65 ਟੀ. ਵੀ. ਚੈਨਲਾਂ ਨੂੰ ਇਸ਼ਤਿਹਾਰਾਂ ਦੇ ਰੂਪ ‘ਚ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਦਾ ਦਿੱਲੀ ਦੇ ਮੁੱਖ ਮੰਤਰੀ ਪ੍ਰਤੀ ਇਹ ‘ਪਿਆਰ’ ਇਸੇ ਤਰ੍ਹਾਂ ਜਾਰੀ ਰਿਹਾ ਤੇ ਮੁੱਖ ਮੰਤਰੀ ਰਾਜ ਦੇ ਖਜ਼ਾਨੇ ਨੂੰ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਇਸ਼ਤਿਹਾਰਬਾਜ਼ੀ ‘ਤੇ ਲੁਟਾਉਂਦੇ ਰਹੇ ਤਾਂ ਇਕ ਸਾਲ ਅੰਦਰ ਹੀ ਪੰਜਾਬ ਦੇ ਖਜ਼ਾਨੇ ‘ਤੇ ਕਰੀਬ 300 ਕਰੋੜ ਰੁਪਏ ਦਾ ਬੋਝ ਪੈਣ ਦੀ ਸੰਭਾਵਨਾ ਹੈ ਤੇ ਇਹ ਸਾਰਾ ਖਰਚਾ ਪ੍ਰਿੰਟ, ਵੈੱਬਸਾਈਟਾਂ ਅਤੇ ਰੇਡੀਓ ਮੀਡੀਆ ਦੇ ਖਰਚਿਆਂ ਤੋਂ ਬਿਲਕੁੱਲ ਵੱਖਰਾ ਹੋਵੇਗਾ। ਇਕ ਅੰਦਾਜ਼ੇ ਮੁਤਾਬਕ ਪੰਜਾਬ ਸਰਕਾਰ ਵੱਲੋਂ 16 ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ ਆਪਣੇ ਕਾਰਜਕਾਲ ਦੇ 200 ਦਿਨਾਂ ‘ਚ ਹੀ 400 ਰੁਪਏ ਦੇ ਕਰੀਬ ਇਸ਼ਤਿਹਾਰਾਂ ‘ਤੇ ਖਰਚ ਕਰ ਦਿੱਤੇ ਹਨ। ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਦਿੱਲੀ ਦੇ ਫੇਲ੍ਹ ਸਿੱਖਿਆ ਮਾਡਲ ਨੂੰ ਪ੍ਰਚਾਰਨ ਲਈ ਜਿੱਥੇ ਕਰੋੜਾਂ ਰੁਪਏ ਖਰਚੇ ਗਏ ਸਨ, ਉੱਥੇ ਭ੍ਰਿਸ਼ਟਾਚਾਰ ਵਿਰੋਧੀ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ਦੇ ਟੀ. ਵੀ. ਚੈਨਲਾਂ ‘ਤੇ ਪ੍ਰਚਾਰ ਉੱਪਰ ਵੀ 14.50 ਕਰੋੜ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ।
ਪੰਜਾਬ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ‘ਤੇ ਖਰਚੇ ਜਾ ਰਹੇ ਕਰੋੜਾਂ ਰੁਪਏ ਦਾ ਖੁਲਾਸਾ ਕਰਦਿਆਂ ਕਾਂਗਰਸੀ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਨੂੰ ਸਰਕਾਰੀ ਖਜ਼ਾਨੇ ਦੀ ਲੁੱਟ ਕਰਾਰ ਦਿੰਦੇ ਹੋਏ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ। ਅੱਜ ਸ਼ਾਇਦ ਹੀ ਪੰਜਾਬ ਦਾ ਕੋਈ ਅਜਿਹਾ ਕੋਨਾ ਬਚਿਆ ਹੋਵੇ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਵਾਲੇ ਵੱਡ ਆਕਾਰੀ ਬੋਰਡ ਨਾ ਲੱਗੇ ਹੋਣ ਤੇ ਇਨ੍ਹਾਂ ਬੋਰਡਾਂ ‘ਤੇ ਲੱਗੀਆਂ ਉਨ੍ਹਾਂ ਦੀਆਂ ਤਸਵੀਰਾਂ ਪੰਜਾਬ ‘ਚ ਆਏ ਇਸ ਨਵੇਂ ਬਦਲਾਅ ਦੀਆਂ ਗਵਾਹੀ ਭਰਦੀਆਂ ਸਾਫ ਨਜ਼ਰ ਆਉਂਦੀਆਂ ਹਨ ਤੇ ਸ਼ਾਇਦ ਇਸੇ ਕਰਕੇ ਅੱਜ ਪੰਜਾਬ ਦੇ ਲੋਕ ਇਹ ਕਹਿਣ ਲਈ ਮਜਬੂਰ ਹਨ ਕਿ ਜੇਕਰ ਵਾਕਿਆ ਹੀ ਪੰਜਾਬ ਸਰਕਾਰ ਦੇ ਕੀਤੇ ਕੰਮ ਬੋਲਦੇ ਹੁੰਦੇ ਤਾਂ ਅੱਜ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ‘ਸਾਡਾ ਕੰਮ ਬੋਲਦਾ’ ਦੇ ਪ੍ਰਚਾਰ ਲਈ ਹੀ ਕਰੋੜਾਂ ਰੁਪਏ ਖਰਚਣੇ ਨਾ ਪੈਂਦੇ।

Leave a comment