#PUNJAB

ਪੰਜਾਬ ਸਰਕਾਰ ਦਰਿਆ ‘ਚ ਫਿਰ ਮਾਈਨਿੰਗ ਸ਼ੁਰੂ ਕਰਨ ਲਈ ਕਾਹਲੀ

-ਮਾਈਨਿੰਗ ਵਿਭਾਗ ਵੱਲੋਂ ਦਰਿਆ ਦਾ ਦੌਰਾ
ਚਮਕੌਰ ਸਾਹਿਬ, 25 ਸਤੰਬਰ (ਪੰਜਾਬ ਮੇਲ)- ਚਮਕੌਰ ਸਾਹਿਬ ਮੋਰਚੇ ਦੇ ਆਗੂਆਂ ਅਤੇ ਹੋਰ ਵਾਤਾਵਰਣ ਪ੍ਰੇਮੀਆਂ ਨੇ ਪੰਜਾਬ ਸਰਕਾਰ ਵੱਲੋਂ ਪਿੰਡ ਦਾਊਦਪੁਰ ਤੇ ਫੱਸਿਆਂ ਵਿਖੇ ਫਿਰ ਮਾਈਨਿੰਗ ਸ਼ਰੂ ਕਰਨ ਲਈ ਇਤਰਾਜ਼ ਤੇ ਸੁਝਾਅ ਮੰਗਣ ਸਬੰਧੀ ਜਾਰੀ ਪਬਲਿਕ ਨੋਟਿਸ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਮੁੜ ਸੰਘਰਸ਼ ਲਈ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਵੱਲੋਂ ਪ੍ਰਸਤਾਵਿਤ ਥਾਵਾਂ ‘ਤੇ ਮਾਈਨਿੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸ ਸਬੰਧੀ ਮੋਰਚੇ ਦੇ ਆਗੂਆਂ ਖੁਸ਼ਵਿੰਦਰ ਸਿੰਘ, ਲਖਬੀਰ ਸਿੰਘ ਹਾਫਿਜ਼ਾਬਾਦ, ਜੁਝਾਰ ਸਿੰਘ ਅਤੇ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਰੂਪਨਗਰ ਦਫ਼ਤਰ ਵੱਲੋਂ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਪਿੰਡ ਦਾਊਦਪੁਰ ਤੇ ਫੱਸਿਆਂ ਨੇੜੇ ਸਤਲੁਜ ਦਰਿਆ ਵਿਚ ਰੇਤੇ ਦਾ ਸਰਕਾਰੀ ਟੱਕ ਚਲਾਉਣ ਲਈ ਸੁਝਾਅ ਅਤੇ ਇਤਰਾਜ਼ ਮੰਗੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ ਹੇਠ ਸਬ-ਡਵੀਜ਼ਨ ਪੱਧਰ ਤੇ ਬਣੀ ਕਮੇਟੀ ਵੱਲੋਂ 15 ਮਈ 2025 ਨੂੰ ਉਕਤ ਥਾਂ ਦਾ ਦੌਰਾ ਕਰਕੇ ਸਰਕਾਰੀ ਤੌਰ ‘ਤੇ ਰੇਤੇ ਦੀ ਖੱਡ ਚਲਾਉਣ ਲਈ ਸਿਫ਼ਾਰਸ਼ ਕੀਤੀ ਗਈ ਸੀ। ਜਿਸ ਦੇ ਆਧਾਰ ‘ਤੇ ਪੰਜਾਬ ਸਰਕਾਰ ਦੇ ਮਾਈਨਜ਼ ਅਤੇ ਜਿਓਲੋਜੀ ਵਿਭਾਗ ਜ਼ਿਲ੍ਹਾ ਰੂਪਨਗਰ ‘ਚ ਸਾਈਟਾਂ ਦੀ ਕਮੇਟੀ ਵੱਲੋਂ ਮਾਈਨਿੰਗ ਵਿਭਾਗ ਨੇ ਰੇਤੇ ਦਾ ਸਰਕਾਰੀ ਟੱਕ ਚਲਾਉਣ ਲਈ ਮੰਗੇ ਸੁਝਾਅ ਤੇ ਇਤਰਾਜ਼ ਮੰਗੇ ਹਨ।
ਉਨ੍ਹਾਂ ਦੱਸਿਆ ਕਿ ਮਾਈਨਿੰਗ ਵਿਭਾਗ ਦੀਆਂ ਵਿਜ਼ਿਟ ਰਿਪੋਰਟਾਂ ਦੇ ਆਧਾਰ ‘ਤੇ ਇਤਰਾਜ ਅਤੇ ਸੁਝਾਅ ਲੈਣ ਲਈ ਜਾਰੀ ਇਸ਼ਤਿਹਾਰ ਵਿਚ ਪਿੰਡ ਦਾਊਦਪੁਰ (ਬੇਚਰਾਗ ਮੌਜਾ ਮੁਲਾਣਾ) ਆਦਿ ਰਕਬੇ ਦੀ ਸਾਈਟ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਹੈ। ਇਸ ਸਬੰਧੀ ਇਲਾਕੇ ਦੇ ਲੋਕਾਂ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਇੱਥੋਂ ਰੇਤਾ ਚੁੱਕਣ ਲਈ ਸੁਝਾਅ ਅਤੇ ਇਤਰਾਜ਼ ਮੰਗੇ ਗਏ ਹਨ।
ਮੋਰਚੇ ਦੇ ਆਗੂਆਂ ਨੇ ਇਸ ਸਬੰਧੀ ਸਪੱਸ਼ਟ ਸਟੈਂਡ ਲੈਂਦਿਆ ਕਿਹਾ ਕਿ ਥੋੜ੍ਹਾ ਸਮਾਂ ਪਹਿਲਾਂ ਪਿੰਡ ਦਾਊਦਪੁਰ ਅਤੇ ਫੱਸਿਆਂ ਵਿਖੇ ਸਤਲੁਜ ਦਰਿਆ ਦੇ ਬੰਨ੍ਹ ਵਿਚ ਖ਼ਾਰ ਪੈਣ ਕਾਰਨ ਬੰਨ੍ਹ ਟੁੱਟਣ ਦੇ ਕਿਨਾਰੇ ਪਹੁੰਚ ਗਿਆ ਸੀ, ਜਿਸ ਨੂੰ ਬਚਾਉਣ ਲਈ ਇਲਾਕੇ ਦੇ ਨੌਜਵਾਨਾਂ ਅਤੇ ਫ਼ੌਜ ਨੇ ਦਿਨ-ਰਾਤ ਮਿੱਟੀ ਅਤੇ ਮਿੱਟੀ ਦੇ ਥੈਲੇ ਭਰ ਕੇ ਲਗਾ ਕੇ ਟੁੱਟਣ ਤੋਂ ਬਚਾਇਆ।
ਉਨ੍ਹਾਂ ਦੱਸਿਆ ਕਿ ਇਸ ਬੰਨ੍ਹ ਦੇ ਦੂਜੇ ਪਾਸੇ ਜੰਗਲਾਤ ਵਿਭਾਗ ਦੀ ਜ਼ਮੀਨ ਵਿਚ ਲੋਕਾਂ ਨੇ ਦਰਿਆ ਦਾ ਪਾਣੀ ਸਿੱਧਾ ਕਰਨ ਅਤੇ ਦਰਿਆ ਵਿਚੋ ਬਰੇਤੀ ਨੂੰ ਹਟਾ ਕੇ ਡਰੇਨ ਬਣਾਉਣ ਦੀ ਮੰਗ ਨੂੰ ਲੈ ਕੇ ਰੂਪਨਗਰ ‘ਚ ਧਰਨਾ ਵੀ ਦਿੱਤਾ ਗਿਆ ਸੀ, ਪ੍ਰੰਤੂ ਡਰੇਨ ਪੁੱਟਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਮਾਈਨਿੰਗ ਵਿਭਾਗ ਹੁਣ ਤੱਕ ਵੀ ਆਨਾਕਾਨੀ ਕਰਦਾ ਆ ਰਿਹਾ ਹੈ। ਦੂਜੇ ਪਾਸੇ ਹੁਣ ਉਸੇ ਥਾਂ ‘ਤੇ ਹੀ ਮਾਈਨਿੰਗ ਸ਼ੁਰੂ ਕਰਨ ਲਈ ਕਾਹਲਾ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਪਿੰਡ ਦਾਊਦਪੁਰ ਅਤੇ ਫੱਸਿਆਂ ਦੇ ਬੰਨ੍ਹ ਦੇ ਜੋ ਟੁੱਟਣ ਵਾਲੇ ਹਾਲਾਤ ਬਣੇ ਹੋਏ ਸਨ, ਉਹ ਇਥੇ ਬੀਤੇ ਕਈ ਸਾਲਾਂ ਤੋਂ ਚੱਲਦੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਹੀ ਬਣੇ ਸਨ।
ਜਦੋਂ ਇਸ ਸਬੰਧੀ ਐੱਸ.ਡੀ.ਐੱਮ. ਅਮਰੀਕ ਸਿੰਘ ਸਿੱਧੂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗ ਵੱਲੋਂ ਸਰਕਾਰ ਦੇ ਹੁਕਮਾਂ ਅਨੁਸਾਰ ਦਰਿਆ ‘ਚ ਉਕਤ ਥਾਵਾਂ ‘ਤੇ ਵਿਜ਼ਿਟ ਕੀਤੀ ਗਈ ਹੈ ਅਤੇ ਨੇੜਲੇ ਪਿੰਡਾਂ ਦੇ ਲੋਕ ਜੋ ਵੀ ਸੁਝਾਅ ਦੇਣਗੇ, ਉਨ੍ਹਾਂ ਸੁਝਾਵਾਂ ਨੂੰ ਕਲਮਬੱਧ ਕਰਕੇ ਸਾਰੀ ਰਿਪੋਰਟ ਜਲਦੀ ਹੀ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।