#PUNJAB

ਪੰਜਾਬ ਵੱਲੋਂ ਹਿਮਾਚਲ ਦੇ ਵਪਾਰਕ ਵਾਹਨਾਂ ‘ਤੇ ਟੌਲ ਟੈਕਸ ਲਗਾਏ ਜਾਣ ਦੇ ਸੰਕੇਤ

ਰੂਪਨਗਰ, 24 ਮਾਰਚ (ਪੰਜਾਬ ਮੇਲ)- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਕੇਤ ਦਿੱਤਾ ਹੈ ਕਿ ਸੂਬਾ ਵੀ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਵਪਾਰਕ ਵਾਹਨਾਂ ‘ਤੇ ਟੌਲ ਟੈਕਸ ਲਗਾਏਗਾ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵੱਲੋਂ ਕੌਮੀ ਸ਼ਾਹਰਾਹਾਂ ‘ਤੇ ਲਗਾਏ ਗਏ ਐਂਟਰੀ ਟੈਕਸ ਵਿਰੁੱਧ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ, ਕਿਉਂਕਿ ਇਹ ਕੌਮੀ ਸੜਕਾਂ ਹਨ ਅਤੇ ਕਿਸੇ ਸੂਬੇ ਵੱਲੋਂ ਇਨ੍ਹਾਂ ਉੱਤੇ ਟੈਕਸ ਲਗਾਉਣਾ ਗੈਰ-ਕਾਨੂੰਨੀ ਹੈ।
ਸ਼੍ਰੀ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਹਿਮਾਚਲ ਵਿਚ ਰਜਿਸਟਰਡ ਵਪਾਰਕ ਵਾਹਨਾਂ ‘ਤੇ ਦਾਖ਼ਲਾ ਟੈਕਸ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ, ”ਅਸੀਂ ਹਿਮਾਚਲ ਪ੍ਰਦੇਸ਼ ਦੇ ਆਮ ਲੋਕਾਂ ‘ਤੇ ਟੈਕਸ ਨਹੀਂ ਲਗਾਉਣਾ ਚਾਹੁੰਦੇ, ਪਰ ਵਪਾਰਕ ਵਾਹਨਾਂ ‘ਤੇ ਇਹ ਟੈਕਸ ਲਗਾਇਆ ਜਾਵੇਗਾ।”
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਦਾਖ਼ਲਾ ਟੈਕਸ ‘ਚ ਹੋਣ ਵਾਲਾ ਵਾਧਾ ਪਹਿਲੀ ਅਪ੍ਰੈਲ ਤੋਂ ਲਾਗੂ ਹੋ ਰਿਹਾ ਹੈ। ਹਿਮਾਚਲ ਦੇ ਦਾਖ਼ਲਾ ਟੈਕਸ ਵਿਰੁੱਧ ਲੜ ਰਹੇ ਸੰਘਰਸ਼ ਮੋਰਚਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਦਾਖ਼ਲਾ ਟੈਕਸ ਦੇ ਵਿਰੋਧ ਵਿਚ ਨੰਗਲ ਦੇ ਵਸਨੀਕ ਚੱਕਾ ਜਾਮ ਕਰਨਗੇ। ਉੱਧਰ, ਊਨਾ ਤੋਂ ਭਾਜਪਾ ਵਿਧਾਇਕ ਸਤਪਾਲ ਸੱਤੀ ਦਾ ਤਰਕ ਹੈ ਕਿ ਦਾਖ਼ਲਾ ਟੈਕਸ ਵਧਾਉਣ ਨਾਲ ਹਿਮਾਚਲ ਪ੍ਰਦੇਸ਼ ਦੇ ਖਜ਼ਾਨੇ ਵਿਚ ਕੋਈ ਖਾਸ ਵਾਧਾ ਨਹੀਂ ਹੋ ਰਿਹਾ, ਸਗੋਂ ਆਮ ਜਨਤਾ ‘ਤੇ ਬੋਝ ਪੈ ਰਿਹਾ ਹੈ।