#PUNJAB

ਪੰਜਾਬ ਵਿੱਚ ਸੰਘਣੀ ਧੁੰਦ; ਹਵਾਈ ਉਡਾਣਾਂ ਪ੍ਰਭਾਵਿਤ

ਚੰਡੀਗੜ੍ਹ, 4 ਜਨਵਰੀ (ਪੰਜਾਬ ਮੇਲ)- ਪੰਜਾਬ ਤੇ ਚੰਡੀਗੜ੍ਹ ਵਿਚ ਅੱਜ ਸਵੇਰ ਵੇਲੇ ਸੰਘਣੀ ਧੁੰਦ ਪਈ ਜਿਸ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ। ਟਰਾਈਸਿਟੀ ਤੇ ਹੋਰ ਨੇੜਲੇ ਖੇਤਰਾਂ ਵਿਚ ਅੱਜ ਸਵੇਰ ਪੰਜ ਵਜੇ ਤੋਂ ਸੰਘਣੀ ਧੁੰਦ ਪਈ ਤੇ ਔਸ ਪੈਂਦੀ ਰਹੀ। ਸਵੇਰ ਦੇ ਦਸ ਵਜੇ ਤਕ ਚੰਡੀਗੜ੍ਹ ਵਿਚ ਧੁੰਦ ਭਾਵੇਂ ਘੱਟ ਗਈ ਪਰ ਸੜਕਾਂ ’ਤੇ ਆਵਾਜਾਈ ਆਮ ਨਾਲੋਂ ਕਾਫੀ ਘੱਟ ਰਹੀ। ਚੰਡੀਗੜ੍ਹ ਵਿਚ ਸਵੇਰ ਸਾਢੇ ਦਸ ਵਜੇ ਤਾਪਮਾਨ 12 ਡਿਗਰੀ ਦਰਜ ਕੀਤਾ ਗਿਆ ਜਦਕਿ ਲਾਂਡਰਾਂ ਤੇ ਮੁਹਾਲੀ ਦੇ ਨੇੜਲੇ ਪਿੰਡਾਂ ਵਿਚ ਦੁਪਹਿਰ 11 ਵਜੇ ਤਕ ਸੰਘਣੀ ਧੁੰਦ ਪਈ ਰਹੀ।

ਮੁਹਾਲੀ ਦੇ ਹਵਾਈ ਅੱਡੇ ਤੇ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਕਈ ਹਵਾਈ ਉਡਾਣਾਂ ਦੇਰੀ ਨਾਲ ਚੱਲਣ ਦੀ ਜਾਣਕਾਰੀ ਮਿਲੀ ਹੈ। ਦਿੱਲੀ ਹਵਾਈ ਅੱਡੇ ਨੇ ਵੀ ਅੱਜ ਐਡਵਾਇਜ਼ਰੀ ਜਾਰੀ ਕਰ ਕੇ ਕਿਹਾ ਹੈ ਕਿ ਯਾਤਰੀ ਆਪਣੀ ਉਡਾਣ ਤੋਂ ਪਹਿਲਾਂ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਹਵਾਈ ਅੱਡੇ ’ਤੇ ਪੁੱਜਣ।  ਦਿੱਲੀ ਹਵਾਈ ਅੱਡੇ ’ਤੇ ਵੀ ਧੁੰਦ ਕਾਰਨ ਉਡਾਣਾਂ ਪ੍ਰਭਾਵਿਤ ਹੋਣ ਬਾਰੇ ਪਤਾ ਲੱਗਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿਚ ਅੱਠ ਜਨਵਰੀ ਤਕ ਸੰਘਣੀ ਧੁੰਦ ਪੈਣ ਤੇ ਜ਼ਿਆਦਾਤਰ ਥਾਵਾਂ ‘ਤੇ ਬੱਦਲਵਾਈ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਚੰਡੀਗੜ੍ਹ ਵਿਚ ਧੁੰਦ ਪੈਣ ਕਾਰਨ ਅੱਜ ਪਾਰਕਾਂ ਵਿਚ ਬਹੁਤ ਘੱਟ ਗਿਣਤੀ ਵਿਚ ਲੋਕ ਆਏ।