ਚੰਡੀਗੜ੍ਹ, 28 ਅਗਸਤ (ਪੰਜਾਬ ਮੇਲ)- ਪੰਜਾਬ ਯੂਥ ਕਾਂਗਰਸ ਦੇ ਦੋ ਉਪ-ਪ੍ਰਧਾਨਾਂ ਉਦੈਵੀਰ ਸਿੰਘ ਢਿੱਲੋਂ ਅਤੇ ਅਕਸ਼ੈ ਸ਼ਰਮਾ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਅਜੇ ਛਿਕਾਰਾ ਨੇ ਦੋਵਾਂ ਤੋਂ 2 ਦਿਨਾਂ ਵਿਚ ਜਵਾਬ ਮੰਗਿਆ ਹੈ।
ਦੋਵਾਂ ‘ਤੇ ਪੰਜਾਬ ਯੂਥ ਕਾਂਗਰਸ ਦੀ ਪਹਿਲੀ ਕਾਰਜਕਾਰਨੀ ਦੀ ਮੀਟਿੰਗ, ਜਿਸ ਵਿਚ ਦੌਰਾਨ ਇੰਚਾਰਜ ਕ੍ਰਿਸ਼ਨਾ ਅਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆਏ ਸਨ, ਦੋਵਾਂ ਸੀਨੀਅਰ ਆਗੂਆਂ ਦੇ ਵਾਰ-ਵਾਰ ਬੁਲਾਉਣ ‘ਤੇ ਵੀ ਅਨੁਸ਼ਾਸਨਹੀਣਤਾ ਕੀਤੀ। ਉਨ੍ਹਾਂ ‘ਤੇ ਕਾਂਗਰਸ ਅਤੇ ਯੂਥ ਕਾਂਗਰਸ ਦੇ ਆਪਸੀ ਮੁੱਦਿਆਂ ਨੂੰ ਪਾਰਟੀ ਪਲੇਟਫਾਰਮ ‘ਤੇ ਰੱਖਣ ਦੀ ਬਜਾਏ ਮੀਡੀਆ ਨਾਲ ਗੱਲ ਕਰਨ ਦਾ ਵੀ ਦੋਸ਼ ਹੈ। ਕਾਰਨ ਦੱਸੋ ਨੋਟਿਸ ‘ਚ ਕਿਹਾ ਗਿਆ ਹੈ ਕਿ ਉਹ ਯੂਥ ਕਾਂਗਰਸ ਦੀਆਂ ਚੋਣਾਂ ‘ਤੇ ਲਗਾਤਾਰ ਸਵਾਲ ਚੁੱਕ ਰਹੇ ਹਨ, ਜਦਕਿ ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਆਪਣੇ ਸ਼ੰਕਿਆਂ ਨੂੰ ਦੂਰ ਕਰਨ ਲਈ ਗੱਲ ਕਰਨ ਲਈ ਬੁਲਾਇਆ ਗਿਆ ਸੀ।