ਖੰਨਾ, 18 ਫਰਵਰੀ (ਪੰਜਾਬ ਮੇਲ)- ਬੀਤੇ ਕੁਝ ਦਿਨ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਬਦਲਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਵਿਚਾਲੇ ਮੌਜੂਦਾ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਕੋਈ ਪ੍ਰਧਾਨ ਬਣਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਹਰ ਕਿਸੇ ਦਾ ਹੱਕ ਹੈ। ਪਰ ਜਦੋਂ ਕੋਈ ਮਾਈਕ ‘ਤੇ ਆ ਕੇ ਬੋਲਦਾ ਹੈ, ਤਾਂ ਇਹ ਸਹੀ ਨਹੀਂ ਹੈ।
ਰਾਜਾ ਵੜਿੰਗ ਨੇ ਪ੍ਰਧਾਨਗੀ ਦੇ ਦਾਅਵੇਦਾਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ, ”ਪਾਰਟੀ ਹਾਈਕਮਾਨ ਕੋਲ ਜਾਓ ਅਤੇ ਆਪਣਾ ਦਾਅਵਾ ਪੇਸ਼ ਕਰੋ।” ਵੜਿੰਗ ਨੇ ਕਿਹਾ ਕਿ 2022 ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਕੋਈ ਵੀ ਪ੍ਰਧਾਨ ਬਣਨ ਲਈ ਤਿਆਰ ਨਹੀਂ ਸੀ। ਉਨ੍ਹਾਂ ਨੇ ਖ਼ੁਦ ਵੀ ਜਵਾਬ ਦੇ ਦਿੱਤਾ ਸੀ। ਪਰ ਅੱਜ ਉਹ ਖੁਸ਼ ਹਨ ਕਿ ਕਾਂਗਰਸ ਇੰਨੀ ਮਜ਼ਬੂਤ ਹੋ ਗਈ ਹੈ ਕਿ 7 ਦਾਅਵੇਦਾਰ ਹਨ।
ਦੱਸ ਦਈਏ ਕਿ ਰਾਜਾ ਵੜਿੰਗ ਖੰਨਾ ਵਿਚ ਪਾਰਟੀ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ‘ਚ ਆਏ ਸਨ। ਇਸ ਮੀਟਿੰਗ ਵਿਚ ਕਾਂਗਰਸ ਦੇ ਨਵੇਂ ਸੂਬਾ ਸਹਿ-ਇੰਚਾਰਜ ਰਵਿੰਦਰ ਡਾਲਵੀ ਵੀ ਸ਼ਾਮਲ ਹੋਏ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਬਦਲਣ ਦੀਆਂ ਚਰਚਾਵਾਂ!
