#PUNJAB

ਪੰਜਾਬ ਨਗਰ ਨਿਗਮਾਂ ਚੋਣਾਂ ਲਈ ਰਾਜ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ਸ਼ੁਰੂ

-ਵੋਟਰ ਸੂਚੀਆਂ ਦੀ ਸੁਧਾਈ ਲਈ ਨਿਰਦੇਸ਼ ਜਾਰੀ; 5 ਮਈ ਨੂੰ ਹੋਵੇਗੀ ਵੋਟਰ ਸੂਚੀ ਦੀ ਪ੍ਰਕਾਸ਼ਨਾ ਜਾਰੀ
ਚੰਡੀਗੜ੍ਹ, 10 ਅਪ੍ਰੈਲ (ਪੰਜਾਬ ਮੇਲ)- ਰਾਜ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਲਈ ਪ੍ਰਕਿਰਿਆ ਵਿੱਢ ਦਿੱਤੀ ਹੈ। ਪੰਜਾਬ ਦੀਆਂ ਨੌ ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਹਨ ਜਿਨ੍ਹਾਂ ਨਿਗਮਾਂ ਤੇ ਕੌਂਸਲਾਂ ਦੀ ਮਿਆਦ ਪੂਰੀ ਹੋ ਰਹੀ ਹੈ, ਉਨ੍ਹਾਂ ਲਈ ਪਹਿਲਾਂ ਹੀ ਪ੍ਰਸ਼ਾਸਕ ਨਿਯੁਕਤ ਕਰ ਦਿੱਤੇ ਗਏ ਹਨ। ਅੱਜ ਰਾਜ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਸੁਧਾਈ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪੰਜਾਬ ਦੇ ਸਮੂਹ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਨਾਲ ਭਾਰਤੀ ਚੋਣ ਕਮਿਸ਼ਨ ਤੋਂ ਪ੍ਰਾਪਤ ਮੌਜੂਦਾ ਵੋਟਰ ਸੂਚੀਆਂ ਵੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।
ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਸਥਾਨਕ ਸਰਕਾਰਾਂ ਵਿਭਾਗ ਵਲੋਂ ਅੰਤਿਮ ਕੀਤੀ ਗਈ ਹੱਦਬੰਦੀ ਅਨੁਸਾਰ ਕੀਤੀ ਜਾਵੇਗੀ। ਵੇਰਵਿਆਂ ਅਨੁਸਾਰ ਨਗਰ ਨਿਗਮ ਅਬੋਹਰ, ਬਠਿੰਡਾ, ਬਰਨਾਲਾ, ਮੁਹਾਲੀ, ਹੁਸ਼ਿਆਰਪੁਰ, ਬਟਾਲਾ, ਪਠਾਨਕੋਟ, ਕਪੂਰਥਲਾ ਅਤੇ ਮੋਗਾ ਦੀ ਚੋਣ ਹੋਣੀ ਹੈ, ਜਦੋਂਕਿ ਪਟਿਆਲਾ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਫਗਵਾੜਾ ਦੇ ਨਗਰ ਨਿਗਮ ਦੀ ਚੋਣ ਪਹਿਲਾਂ ਹੀ ਹੋ ਚੁੱਕੀ ਹੈ। ਮਈ ਮਹੀਨੇ ‘ਚ ਨਿਗਮ ਅਤੇ ਕੌਂਸਲ ਚੋਣਾਂ ਹੋਣ ਦੀ ਸੰਭਾਵਨਾ ਹੈ।
ਪੰਜਾਬ ਸਰਕਾਰ ਵੱਲੋਂ ਵਾਰਡਬੰਦੀ ਦਾ ਕਾਫ਼ੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਰਾਜ ਚੋਣ ਕਮਿਸ਼ਨ ਨੇ ਅੱਜ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਰਾਫ਼ਟ ਵੋਟਰ ਸੂਚੀ ਵਿਚ ਆਪਣੇ ਨਾਮ ਅਤੇ ਵੇਰਵਿਆਂ ਦੀ ਪੁਸ਼ਟੀ ਕਰਨ, ਜੋ 15 ਅਪ੍ਰੈਲ ਨੂੰ ਸਬੰਧਿਤ ਜ਼ਿਲ੍ਹਿਆਂ ਦੀ ਵੈੱਬਸਾਈਟ ‘ਤੇ ਪਾਈ ਜਾਵੇਗੀ। ਕਾਨੂੰਨੀ ਤੌਰ ‘ਤੇ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ 7 ਦਿਨ (17 ਅਪ੍ਰੈਲ ਤੋਂ 23 ਅਪ੍ਰੈਲ 2026) ਨਿਰਧਾਰਿਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰਾਂ ਨੂੰ 20 ਅਪ੍ਰੈਲ ਅਤੇ 21 ਅਪ੍ਰੈਲ ਨੂੰ ਵੋਟਾਂ ਬਣਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਰਾਜ ਚੋਣ ਕਮਿਸ਼ਨ ਨੇ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 30 ਅਪ੍ਰੈਲ ਤੱਕ ਕਰਨ ਲਈ ਕਿਹਾ ਹੈ ਅਤੇ ਵੋਟਰ ਸੂਚੀਆਂ ਦੀ ਪ੍ਰਕਾਸ਼ਨਾਂ 5 ਮਈ ਨੂੰ ਜਾਰੀ ਹੋਵੇਗੀ। ਕਮਿਸ਼ਨ ਨੇ ਕਿਹਾ ਹੈ ਕਿ ਜੋ ਵਿਅਕਤੀ 23 ਅਪ੍ਰੈਲ ਨੂੰ 18 ਸਾਲ ਦੀ ਉਮਰ ਦਾ ਹੋਵੇਗਾ, ਉਹ ਆਪਣੀ ਵੋਟ ਬਣਾਉਣ ਲਈ ਅਪਲਾਈ ਕਰ ਸਕੇਗਾ। ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ ਫਾਰਮ ਸਬੰਧਿਤ ਐੱਸ.ਡੀ.ਐੱਮ. ਦਫ਼ਤਰਾਂ ‘ਚ ਮਿਲਣਗੇ। ਚੋਣ ਕਮਿਸ਼ਨ ਦੀ ਤਿਆਰੀ ਤੋਂ ਜਾਪਦਾ ਹੈ ਕਿ ਨਿਗਮ ਚੋਣਾਂ ਮਈ ਮਹੀਨੇ ‘ਚ ਹੋ ਸਕਦੀਆਂ ਹਨ।