#PUNJAB

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

– 328 ਉਮੀਦਵਾਰਾਂ ਵਿਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ
– ਉਮੀਦਵਾਰਾਂ ਦੇ ਵੇਰਵੇ ‘ਕੇ.ਵਾਈ.ਸੀ. ਐਪ’ ਉੱਤੇ ਉਪਲੱਬਧ: ਮੁੱਖ ਚੋਣ ਅਧਿਕਾਰੀ
ਚੰਡੀਗੜ੍ਹ, 20 ਮਈ (ਪੰਜਾਬ ਮੇਲ)- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜ ਰਹੇ 328 ਉਮੀਦਵਾਰਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਕੁੱਲ 328 ਉਮੀਦਵਾਰਾਂ ਵਿਚੋਂ 169 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ।
ਉਨ੍ਹਾਂ ਦੱਸਿਆ ਕਿ ਵੋਟਰ ਇਨ੍ਹਾਂ ਸਾਰੇ ਉਮੀਦਵਾਰਾਂ ਦੇ ਵੇਰਵੇ ਅਤੇ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਐਫੀਡੈਵਿਟ ਮੋਬਾਈਲ ਦੇ ‘ਕੇ.ਵਾਈ.ਸੀ. ਐਪ’ (KYC App) ਉੱਤੇ ਦੇਖ ਸਕਦੇ ਹਨ।
ਜਾਣਕਾਰੀ ਦਿੰਦਿਆ ਸਿਬਿਨ ਸੀ ਨੇ ਦੱਸਿਆ ਕਿ ਗੁਰਦਾਸਪੁਰ ਤੋਂ 26 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿਚ 14 ਆਜ਼ਾਦ ਉਮੀਦਵਾਰ ਸ਼ਾਮਲ ਹਨ, ਜਦਕਿ ਅੰਮ੍ਰਿਤਸਰ ਤੋਂ 30 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿਚ ਆਜ਼ਾਦ ਉਮੀਦਵਾਰਾਂ ਦੀ ਗਿਣਤੀ 18 ਹੈ। ਉੱਥੇ ਹੀ ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚ 18 ਆਜ਼ਾਦ ਉਮੀਦਵਾਰ ਹਨ।
ਜਲੰਧਰ ਤੋਂ 20 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿਚ 8 ਆਜ਼ਾਦ ਉਮੀਦਵਾਰ ਸ਼ਾਮਲ ਹਨ। ਹੁਸ਼ਿਆਰਪੁਰ ਤੋਂ ਕੁੱਲ 16 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿਚੋਂ ਆਜ਼ਾਦ ਉਮੀਦਵਾਰਾਂ ਦੀ ਗਿਣਤੀ 4 ਹੈ। ਆਨੰਦਪੁਰ ਸਾਹਿਬ ਤੋਂ ਕੁੱਲ 28 ਉਮੀਦਵਾਰਾਂ ਵਿਚੋਂ 13 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਲੁਧਿਆਣਾ ਤੋਂ 43 ਉਮੀਦਵਾਰਾਂ ਵਿਚੋਂ 26 ਆਜ਼ਾਦ ਉਮੀਦਵਾਰ ਚੋਣਾਂ ਲੜ ਰਹੇ ਹਨ। ਫਤਿਹਗੜ੍ਹ ਸਾਹਿਬ ਤੋਂ ਕੁੱਲ 14 ਉਮੀਦਵਾਰਾਂ ਵਿਚੋਂ 7 ਆਜ਼ਾਦ ਉਮੀਦਵਾਰ ਚੋਣਾਂ ਲੜ ਰਹੇ ਹਨ। ਫਰੀਦਕੋਟ ਤੋਂ ਕੁੱਲ 28 ਉਮੀਦਵਾਰਾਂ ਵਿਚੋਂ 12 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਫਿਰੋਜ਼ਪੁਰ ਤੋਂ ਕੁੱਲ 29 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿਚ 17 ਆਜ਼ਾਦ ਉਮੀਦਵਾਰ ਸ਼ਾਮਲ ਹਨ। ਬਠਿੰਡਾ ਤੋਂ ਕੁੱਲ 18 ਉਮੀਦਵਾਰਾਂ ਵਿਚ 8 ਆਜ਼ਾਦ ਉਮੀਦਵਾਰ ਸ਼ਾਮਲ ਹਨ। ਸੰਗਰੂਰ ਤੋਂ 23 ਉਮੀਦਵਾਰਾਂ ਵਿਚੋਂ 9 ਆਜ਼ਾਦ ਉਮੀਦਵਾਰ ਚੋਣਾਂ ਲੜ ਰਹੇ ਹਨ, ਜਦਕਿ ਪਟਿਆਲਾ ਤੋਂ 26 ਉਮੀਦਵਾਰਾਂ ਵਿਚੋਂ 15 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਉੱਤਰੇ ਹਨ।
ਸਿਬਿਨ ਸੀ ਨੇ ਦੱਸਿਆ ਕਿ ਚੋਣ ਤਿਆਰੀਆਂ ਅੰਤਿਮ ਪੜਾਅ ਉੱਤੇ ਹਨ ਅਤੇ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।