ਚੰਡੀਗੜ੍ਹ, 12 ਫਰਵਰੀ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਤੇ ਕਿਸਾਨ-ਮਜ਼ਦੂਰ ਮੋਰਚਾ ਵੱਲੋਂ ਕੇਂਦਰ ਸਰਕਾਰ ਨਾਲ ਜੁੜੀਆਂ ਕਿਸਾਨੀ ਮੰਗਾਂ ਤੇ ਹੋਰਨਾਂ ਮਸਲਿਆਂ ਦੇ ਹੱਲ ਲਈ 13 ਫਰਵਰੀ ਨੂੰ ‘ਦਿੱਲੀ ਚੱਲੋ’ ਪ੍ਰੋਗਰਾਮ ਦੇ ਮੱਦੇਨਜ਼ਰ ਹਰਿਆਣਾ ਪੁਲੀਸ ਨੇ ਪੰਜਾਬ ਨਾਲ ਲੱਗਦੀਆਂ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਹਰਿਆਣਾ ਪੁਲੀਸ ਨੇ ਸ਼ੰਭੂ ਬੈਰੀਅਰ ਤੋਂ ਦਿੱਲੀ ਜਾਣ ਵਾਲੇ ਕੌਮੀ ਮਾਰਗ ’ਤੇ ਵੱਡੇ-ਵੱਡੇ ਪੱਥਰ ਲਗਾ ਕੇ ਅਤੇ ਸੜਕ ’ਤੇ ਕਿੱਲਾਂ ਵਿਛਾ ਕੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ, ਜਿਸ ਕਾਰਨ ਸਰਹੱਦ ’ਤੇ ਲੱਗਦੇ ਸ਼ਹਿਰਾਂ ਵਿੱਚ ਆਵਾਜਾਈ ਠੱਪ ਹੋਈ ਪਈ ਹੈ। ਉੱਧਰ, ਭਾਵੇਂ ਕਿ ਪੁਲੀਸ ਵੱਲੋਂ ਲੋਕਾਂ ਨੂੰ ਬਦਲਵੇਂ ਰੂਟਾਂ ਰਾਹੀਂ ਲੰਘਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਕਈ-ਕਈ ਘੰਟੇ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਹਰਿਆਣਾ ਪੁਲੀਸ ਦੀ ਏਡੀਜੀਪੀ (ਲਾਅ ਐਂਡ ਆਰਡਰ) ਮਮਤਾ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਪ੍ਰੋਗਰਾਮ ਕਰ ਕੇ ਸੜਕਾਂ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਨੰਬਰ-44 ਦਿੱਲੀ-ਚੰਡੀਗੜ੍ਹ ਹਾਈਵੇਅ ਬੰਦ ਹੋਣ ਕਰ ਕੇ ਲੋਕਾਂ ਨੂੰ ਦਿੱਕਤ ਆ ਰਹੀ ਹੈ, ਇਸ ਲਈ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਡੇਰਾਬੱਸੀ, ਬਰਵਾਲਾ, ਰਾਮਗੜ੍ਹ, ਸਾਹਾ, ਸ਼ਾਹਬਾਦ ਤੇ ਕੁਰੂਕਸ਼ੇਤਰ ਹੋ ਕੇ ਦਿੱਲੀ ਪਹੁੰਚ ਸਕਦੇ ਹਨ। ਹਰਿਆਣਾ ਦੀ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਰੂਟਾਂ ਦੇ ਸਹਾਰੇ ਹੀ ਲੋਕ ਚੰਡੀਗੜ੍ਹ ਪਹੁੰਚ ਸਕਦੇ ਹਨ। ਦੂਜੇ ਪਾਸੇ ਰਾਜਪੁਰਾ ਤੋਂ ਅੰਬਾਲਾ ਜਾਣ ਵਾਲੇ ਲੋਕਾਂ ਲਈ ਰਾਜਪੁਰਾ ਗਗਨ ਚੌਕ ਤੋਂ ਸੜਕ ਬੰਦ ਕੀਤੀ ਗਈ ਹੈ, ਇਸ ਲਈ ਰਾਜਪੁਰਾ ਦੇ ਗਗਨ ਚੌਕ ਤੋਂ ਬਨੂੜ, ਡੇਰਾਬੱਸੀ, ਲਾਲੜੂ ਤੋਂ ਹੁੰਦੇ ਹੋਏ ਅੰਬਾਲਾ ਤੱਕ ਰਾਹ ਤਿਆਰ ਕੀਤਾ ਹੈ।