#PUNJAB

ਪੰਜਾਬ ‘ਚ ਸਤੰਬਰ ‘ਚ ਕਰਵਾਈਆਂ ਜਾਣਗੀਆਂ ‘ਕਾਰਪੋਰੇਸ਼ਨ ਚੋਣਾਂ’

– ਪੰਚਾਇਤੀ ਚੋਣਾਂ ਬਾਰੇ ਅਜੇ ਤੱਕ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ
ਜਲੰਧਰ, 14 ਜੂਨ (ਪੰਜਾਬ ਮੇਲ)- ਸੂਬੇ ‘ਚ ਪੰਜਾਬ ਸਰਕਾਰ ਵਲੋਂ ਕਾਰਪੋਰੇਸ਼ਨ ਚੋਣਾਂ ਸਤੰਬਰ ‘ਚ ਕਰਵਾਈਆਂ ਜਾਣਗੀਆਂ। ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ਸ਼ਾਇਦ ਸਰਕਾਰ ਵਲੋਂ ਕਾਰਪੋਰੇਸ਼ਨ ਚੋਣਾਂ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੰਨਣਾ ਹੈ ਕਿ ਇਹ ਚੋਣਾਂ ਸਤੰਬਰ ‘ਚ ਕਰਵਾਉਣੀਆਂ ਜ਼ਿਆਦਾ ਸਹੀ ਰਹਿਣਗੀਆਂ। ਉਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਸ਼ਹਿਰਾਂ ‘ਚ ਵਿਕਾਸ ਕਾਰਜਾਂ ਨੂੰ ਤੇਜ਼ ਕੀਤਾ ਜਾਵੇਗਾ। ਮੁੱਖ ਮੰਤਰੀ ਆਉਣ ਵਾਲੇ ਦਿਨਾਂ ‘ਚ ਆਪ ਸ਼ਹਿਰਾਂ ‘ਚ ਜਾ ਕੇ ਵਿਕਾਸ ਕਾਰਜਾਂ ਦਾ ਸ਼ੁੱਭ-ਆਰੰਭ ਕਰਨਗੇ।
ਦੂਜੇ ਪਾਸੇ ਪੰਚਾਇਤੀ ਚੋਣਾਂ ਬਾਰੇ ਮੁੱਖ ਮੰਤਰੀ ਨੇ ਅਜੇ ਤੱਕ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਸਰਕਾਰ ਕਾਰਪੋਰੇਸ਼ਨ ਚੋਣਾਂ ਦੇ ਨਾਲ ਪੰਚਾਇਤੀ ਚੋਣਾਂ ਵੀ ਕਰਵਾ ਦਿੱਤੀਆਂ ਜਾਣ ਪਰ ਅਜੇ ਇਸ ਮਾਮਲੇ ਨੂੰ ਲੈ ਕੇ ਦੁਚਿੱਤੀ ਭਰੀ ਸਥਿਤੀ ਚੱਲ ਰਹੀ ਹੈ। ਜੇਕਰ ਕਾਰਪੋਰੇਸ਼ਨ ਚੋਣਾਂ ਦੇ ਨਾਲ ਪੰਚਾਇਤੀ ਚੋਣਾਂ ਨਾ ਹੋਈਆਂ, ਤਾਂ ਫਿਰ ਪੰਜਾਬ ਸਰਕਾਰ ਵਲੋਂ ਇਹ ਚੋਣਾਂ ਲੋਕ ਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਹੀ ਕਰਵਾਈਆਂ ਜਾਣਗੀਆਂ। ਸਰਕਾਰ ਕਾਰਪੋਰੇਸ਼ਨ ਚੋਣਾਂ ਸਤੰਬਰ ‘ਚ ਇਸ ਲਈ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਜੁਲਾਈ ‘ਚ ਬਰਸਾਤਾਂ ਦਾ ਸਮਾਂ ਰਹੇਗਾ ਅਤੇ ਅਜੇ ਸਰਕਾਰ ਵਲੋਂ ਵਾਰਡਬੰਦੀ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ।

Leave a comment