-ਕਈਆਂ ਦੇ ਖੁੱਸ ਜਾਣਗੇ ਅਹੁਦੇ ਤਾਂ ਕਈਆਂ ਦੀ ਸੁਰੱਖਿਆ
ਜਲੰਧਰ, 6 ਜੂਨ (ਪੰਜਾਬ ਮੇਲ)- ਦੇਸ਼ ‘ਚ ਲੋਕ ਸਭਾ ਚੋਣਾਂ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਪਹਿਲਾਂ ਕਈ ਸਿਆਸੀ ਪਾਰਟੀਆਂ ‘ਚ ਦਲ-ਬਦਲੀ ਦਾ ਕ੍ਰਮ ਖੂਬ ਚੱਲਿਆ। ਖ਼ਾਸ ਕਰਕੇ ਭਾਜਪਾ ਨੇ ਪੰਜਾਬ ਸਮੇਤ ਕਈ ਸੂਬਿਆਂ ‘ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਪਾਰਟੀਆਂ ਤੋਂ ਆਗੂਆਂ ਨੂੰ ਇੰਪੋਰਟ ਕੀਤਾ। ਇੰਪੋਰਟ ਕੀਤੇ ਜਾਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਜਾਂ ਤਾਂ ਟਿਕਟ ਦਿੱਤੀ ਜਾਂ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਨਾਲ ਨਿਵਾਜਿਆ। ਇਸ ਦਰਮਿਆਨ ਕਈ ਅਜਿਹੇ ਆਗੂ ਸਨ, ਜੋ ਹਾਈ ਲੈਵਲ ਸਕਿਓਰਿਟੀ ਵਿਵਸਥਾ ਲੈਣ ‘ਚ ਵੀ ਸਫਲ ਰਹੇ ਪਰ ਪੰਜਾਬ ‘ਚ ਭਾਜਪਾ ਨੂੰ ਸਿਰਫ਼ 9 ਫੀਸਦੀ ਦੇ ਲਗਭਗ ਵੋਟ ਫੀਸਦੀ ਦੀ ਸਫਲਤਾ ਮਿਲੀ, ਜੋ ਕਿ ਇੰਨੇ ਪਾਪੜ ਵੇਲਣ ਤੋਂ ਬਾਅਦ ਕੁਝ ਵੀ ਨਹੀਂ ਹੈ।
ਪੰਜਾਬ ‘ਚ ਭਾਜਪਾ ਦੀ ਜੋ ਦੁਰਗਤ ਹੋਈ ਹੈ, ਉਸ ਲਈ ਪਾਰਟੀ ਦੇ ਪੁਰਾਣੇ ਆਗੂਆਂ ਜਾਂ ਵਰਕਰਾਂ ਤੋਂ ਕਿਤੇ ਵੱਧ ਉਹ ਲੋਕ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਪਿਛਲੇ ਕੁਝ ਸਮੇਂ ‘ਚ ਆਪਣੀ ਮਨਮਰਜ਼ੀ ਨਾਲ ਕੰਮ ਕੀਤਾ। ਅਹਿਮ ਅਹੁਦੇ ਹੋਣ ਦੇ ਬਾਅਦ ਪੁਰਾਣੇ ਵਰਕਰਾਂ ਨੂੰ ਨਾ ਤਾਂ ਵੈਲਿਊ ਦਿੱਤੀ, ਨਾ ਹੀ ਉਨ੍ਹਾਂ ਨੂੰ ਕਿਤੇ ਅਹਿਮੀਅਤ ਦਿੱਤੀ, ਜਿਸ ਦੇ ਕਾਰਨ ਭਾਜਪਾ ਨੂੰ ਪੰਜਾਬ ‘ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਬਾਹਰੋਂ ਜੋ ਆਗੂ ਇੰਪੋਰਟ ਕੀਤੇ ਗਏ, ਉਹ ਵੀ ਸਿਰਫ ਆਪਣੀ ਡੱਫਲੀ ਹੀ ਵਜਾਉਂਦੇ ਰਹੇ। ਪਾਰਟੀ ਦੀ ਭਲਾਈ ਲਈ ਕਿਸੇ ਆਗੂ ਨੇ ਕੋਈ ਕੰਮ ਨਹੀਂ ਕੀਤਾ। ਕੇਂਦਰ ਵੱਲੋਂ ਦਿੱਤੀ ਗਈ ਸੁਰੱਖਿਆ ਵਿਵਸਥਾ ਦਾ ਹੀ ਉਹ ਆਨੰਦ ਮਾਣਦੇ ਰਹੇ।
ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ‘ਚ ਕੇਂਦਰ ਵੱਲੋਂ ਵੱਡੇ ਪੱਧਰ ‘ਤੇ ਬਦਲਾਅ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਦੇ ਅਧੀਨ ਸੂਬੇ ‘ਚ ਅਹਿਮ ਅਹੁਦਿਆਂ ‘ਤੇ ਬੈਠੇ ਕਈ ਨੇਤਾਵਾਂ ਨੂੰ ਜਿੱਥੇ ਜ਼ਿੰਮੇਵਾਰੀਆਂ ਤੋਂ ਹੱਥ ਧੋਣਾ ਪੈ ਸਕਦਾ ਹੈ, ਉੱਥੇ ਹੀ ਕੁਝ ਨੇਤਾਵਾਂ ਦੀ ਸੁਰੱਖਿਆ ਵਿਵਸਥਾ ਵੀ ਵਾਪਸ ਲਈ ਜਾ ਸਕਦੀ ਹੈ ਕਿਉਂਕਿ ਜਿਸ ਕਾਰਨ ਇਨ੍ਹਾਂ ਨੇਤਾਵਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ, ਇਹ ਲੋਕ ਉਸ ‘ਚ ਕਾਮਯਾਬ ਨਹੀਂ ਹੋਏ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਪਾਰਟੀ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਪੰਜਾਬ ‘ਚ ਹਾਲਤ ਬਿਹਤਰ ਨਹੀਂ ਹਨ, ਇਸ ਲਈ ਪਾਰਟੀ ਪੰਜਾਬ ਨੂੰ ਲੈ ਕੇ ਪਹਿਲਾਂ ਹੀ ਯੋਜਨਾ ਬਣਾ ਚੁੱਕੀ ਹੈ।
ਐਕਸਪੈਰੀਮੈਂਟ ਲਈ ਪਾਰਟੀ ਨੇ ਪੰਜਾਬ ‘ਚ ਆਪਣੀ ਪੁਰਾਣੀ ਲੀਡਰਸ਼ਿਪ ਅਤੇ ਵਰਕਰ ਨੂੰ ਇਗਨੋਰ ਕਰ ਕੇ ਕਾਂਗਰਸ ਅਤੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਪਾਰਟੀਆਂ ਤੋਂ ਆਗੂਆਂ ਨੂੰ ਇੰਪੋਰਟ ਕਰ ਲਿਆ ਸੀ ਪਰ ਜੋ ਸਥਿਤੀ ਅੱਜ ਪਾਰਟੀ ਦੇ ਸਾਹਮਣੇ ਹੈ, ਉਸ ਸਬੰਧੀ ਕਿਤੇ ਵੀ ਦੋ ਰਾਇ ਨਹੀਂ ਕਿ ਭਾਜਪਾ ਦਾ ਇਹ ਐਕਸਪੈਰੀਮੈਂਟ ਫਲਾਪ ਸਾਬਿਤ ਹੋਇਆ ਹੈ। ਇਸ ਚੱਕਰ ‘ਚ ਪਾਰਟੀ ਨੇ ਆਪਣੇ ਪੁਰਾਣੇ ਵਰਕਰ ਨੂੰ ਵੀ ਅੱਖੋਂ-ਪਰੋਖੇ ਕਰ ਕਰ ਦਿੱਤਾ, ਜਿਸ ਦੇ ਕਾਰਨ ਪੁਰਾਣਾ ਵਰਕਰ ਘਰ ਬੈਠ ਗਿਆ ਅਤੇ ਉਹ ਜਿਸ ਤਰ੍ਹਾਂ ਦੀ ਲਗਨ ਨਾਲ ਪਹਿਲਾਂ ਕੰਮ ਕਰਦਾ ਸੀ, ਉਸ ਤਰ੍ਹਾਂ ਇਨ੍ਹਾਂ ਚੋਣਾਂ ‘ਚ ਕੰਮ ਕਰਦਾ ਨਹੀਂ ਦਿਸਿਆ।