-ਚੋਣ ਕਮਿਸ਼ਨ ਵੱਲੋਂ ਸ਼ਡਿਊਲ ਜਾਰੀ
ਚੰਡੀਗੜ੍ਹ, 25 ਸਤੰਬਰ (ਪੰਜਾਬ ਮੇਲ)- ਰਾਜ ਸਭਾ ਵਿਚ ਪੰਜਾਬ ਦੇ ਹਿੱਸੇ ਦੀ ਖਾਲੀ ਸੀਟ ਲਈ ਜ਼ਿਮਨੀ ਚੋਣ 24 ਅਕਤੂਬਰ ਨੂੰ ਹੋਵੇਗੀ। ਭਾਰਤੀ ਚੋਣ ਕਮਿਸ਼ਨ ਨੇ ਇਸ ਲਈ ਸੰਬੰਧੀ ਸ਼ਡਿਊਲ ਜਾਰੀ ਕਰ ਦਿੱਤਾ। ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ 6 ਅਕਤੂਬਰ ਨੂੰ ਰਸਮੀ ਤੌਰ ‘ਤੇ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 13 ਅਕਤੂਬਰ ਹੋਵੇਗੀ। ਇਸ ਤੋਂ ਬਾਅਦ ਨਾਮਜ਼ਦਗੀਆਂ ਦੀ ਪੜਤਾਲ 14 ਅਕਤੂਬਰ ਨੂੰ ਅਤੇ ਵਾਪਸੀ 16 ਅਕਤੂਬਰ ਨੂੰ ਹੋਵੇਗੀ। ਰਾਜ ਸਭਾ ਦੀ ਸੀਟ ਲਈ ਵੋਟਿੰਗ 24 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਨਤੀਜੇ ਉਸੇ ਦਿਨ ਸ਼ਾਮ ਨੂੰ ਐਲਾਨੇ ਜਾਣਗੇ। ਜ਼ਿਕਰਯੋਗ ਹੈ ਕਿ ਸੰਜੀਵ ਅਰੋੜਾ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ।
ਆਮ ਆਦਮੀ ਪਾਰਟੀ ਦੇ ਸਾਬਕਾ ਰਾਜ ਸਭਾ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਲੁਧਿਆਣਾ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਸੀਟ ‘ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਰਾਜ ਸਭਾ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ ਪਹਿਲਾਂ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਰਾਜ ਸਭਾ ਜਾਣ ਦੀ ਚਰਚਾ ਸੀ, ਪਰ ਕੇਜਰੀਵਾਲ ਇਕ ਬਿਆਨ ‘ਚ ਕਹਿ ਚੁੱਕੇ ਹਨ ਕਿ ਉਹ ਰਾਜ ਸਭਾ ਨਹੀਂ ਜਾਣਗੇ। ਕੇਜਰੀਵਾਲ ਦੇ ਇਨਕਾਰ ਤੋਂ ਬਾਅਦ ਸਿਸੋਦੀਆ ਦਾ ਨਾਂ ਦੌੜ ‘ਚ ਸਭ ਤੋਂ ਅੱਗੇ ਹੈ। ਹਾਲਾਂਕਿ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦਾ ਨਾਂਅ ਵੀ ਦੌੜ ‘ਚ ਹੈ। ਇਸ ਤੋਂ ਇਲਾਵਾ ਪਾਰਟੀ ਕਿਸੇ ਸਥਾਨਕ ਚਿਹਰੇ ਦੀ ਵੀ ਚੋਣ ਕਰ ਸਕਦੀ ਹੈ। ਜ਼ਿਕਰਯੋਗ ਹੈ ਰਾਜ ਸਭਾ ‘ਚ ਪੰਜਾਬ ਦੀਆਂ ਸੱਤੇ ਸੀਟਾਂ ‘ਆਪ’ ਕੋਲ ਸਨ। ਇਕ ਸੀਟ ਖਾਲੀ ਹੋਣ ‘ਤੇ ਇਸ ਵੇਲੇ ਉਪਰਲੇ ਸਦਨ ‘ਚ 6 ‘ਆਪ’ ਮੈਂਬਰ ਹਨ ਜਿਨ੍ਹਾਂ ‘ਚ ਰਾਘਵ ਚੱਢਾ, ਸੰਦੀਪ ਪਾਠਕ, ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਅਸ਼ੋਕ ਮਿੱਤਲ ਸ਼ਾਮਲ ਹਨ।
ਪੰਜਾਬ ‘ਚ ਰਾਜ ਸਭਾ ਦੀ ਖਾਲੀ ਸੀਟ ਲਈ ਜ਼ਿਮਨੀ ਚੋਣ 24 ਅਕਤੂਬਰ ਨੂੰ
