#PUNJAB

ਪੰਜਾਬ ‘ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਥਾਈਂ ਭਾਰੀ ਮੀਂਹ

ਜਲੰਧਰ, 27 ਜੁਲਾਈ (ਪੰਜਾਬ ਮੇਲ)- ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਗਰਮੀ ਦਾ ਕਹਿਰ ਜਾਰੀ ਹੈ। ਕਈ ਸੂਬਿਆਂ ‘ਚ ਵਧਦੇ ਤਾਪਮਾਨ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਇਸ ਦੌਰਾਨ ਅੱਜ ਪੰਜਾਬ ਵਿਚ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਪੰਜਾਬ ਵਿਚ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਜਲੰਧਰ ਵਿਚ ਵੀ ਭਾਰੀ ਮੀਂਹ ਪਿਆ, ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਉਥੇ ਹੀ ਮੀਂਹ ਨਾਲ ਠੰਡੀਆਂ ਤੇਜ਼ ਹਵਾਵਾਂ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਇਥੇ ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਬੀਤੇ ਦਿਨਾਂ ਤੋਂ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਜਲੰਧਰ ‘ਚ ਅੱਜ ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਜਿੱਥੇ ਬਰਸਾਤ ਤੋਂ ਬਾਅਦ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆਇਆ ਅਤੇ ਸੜਕਾਂ ਪੂਰੀ ਤਰ੍ਹਾਂ ਗਾਇਬ ਹੋ ਗਈਆਂ।ਬਾਰਿਸ਼ ਨੇ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।  ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਜਲੰਧਰ ਦੇ ਵੱਖ-ਵੱਖ ਇਲਾਕਿਆਂ ਦੀਆਂ ਹਨ, ਜਿੱਥੇ ਬਾਰਿਸ਼ ਤੋਂ ਬਾਅਦ ਪੂਰੀ ਤਰ੍ਹਾਂ ਪਾਣੀ ਭਰ ਗਿਆ। ਸਵੇਰੇ ਕੰਮ ਲਈ ਨਿਕਲਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਖ਼ਾਸ ਕਰਕੇ ਜੋ ਲੋਕ ਦੋਪਹੀਆ ਵਾਹਨਾਂ ‘ਤੇ ਕੰਮ ‘ਤੇ ਗਏ ਸਨ। ਇਸ ਵਾਰ ਮਾਨਸੂਨ ਕਾਫ਼ੀ ਕਮਜ਼ੋਰ ਰਿਹਾ ਹੈ ਪਰ ਇਸ ਦੇ ਬਾਵਜੂਦ ਨਿਗਮ ਦੀਆਂ ਤਿਆਰੀਆਂ ਕੀ ਹਨ, ਇਹ ਸਪੱਸ਼ਟ ਹੋ ਗਿਆ ਹੈ।