#PUNJAB

ਪੰਜਾਬ ‘ਚ ਬੈਠ ਕੇ ਅਮਰੀਕਾ ਵਿਚ ਮਾਰੀ ਜਾਂਦੀ ਸੀ ਠੱਗੀ, ਫਰਜ਼ੀ ਕਾਲ ਸੈਂਟਰ ਰਾਹੀਂ ਆਨਲਾਈਨ ਠੱਗੀ ਦਾ ਜਾਲ

ਮੋਹਾਲੀ, 8 ਅਗਸਤ (ਪੰਜਾਬ ਮੇਲ)- ਜ਼ੀਰਕਪੁਰ ਤੋਂ ਫਰਜ਼ੀ ਕਾਲ ਸੈਂਟਰ ਰਾਹੀਂ ਆਨਲਾਈਨ ਠੱਗੀ ਦਾ ਜਾਲ ਵਿਛਾਉਣ ਵਾਲੇ ਮੁਲਜ਼ਮਾਂ ਦੀ ਗਿਣਤੀ ਹੁਣ 21 ਹੋ ਚੁੱਕੀ ਹੈ। ਮੁਲਜ਼ਮਾਂ ’ਚ 4 ਅਫਰੀਕੀ ਅਤੇ 3 ਕੁੜੀਆਂ ਵੀ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਰਾਜਸਥਾਨ ਦੇ ਮੁਹੰਮਦ ਨਦੀਮ ਕੁਰੇਸ਼ੀ, ਤੌਸੀਫ਼ ਅਹਿਮਦ, ਢਕੋਲੀ ਦੀ ਰੀਆ ਚੌਹਾਨ, ਬਿਹਾਰ ਦੀ ਮਾਲਤੀ, ਸ਼ਿਵਾਨੀ, ਫਤਹਿਗੜ੍ਹ ਸਾਹਿਬ ਦੇ ਅਜੈ ਕੁਮਾਰ, ਕਰਨਾਲ ਦੇ ਮਯੰਕ, ਪੀਲੀਭੀਤ ਦੇ ਪ੍ਰਭਦੀਪ ਸਿੰਘ, ਰਾਹੁਲ, ਦਿੱਲੀ ਦੇ ਨਿਤੀਸ਼, ਅਫਰੀਕੀ ਚਿਲੂਕੀਆ, ਅਬਦੁਲ ਰਹੀਮ, ਲਿਉਲ, ਉਮਰ ਜਾਫਰੀ, ਅਸਮ ਦੇ ਸ਼ਿਵਾ, ਵੈਸਟ ਬੰਗਾਲ ਦੇ ਆਦਿਤਿਆ ਕਪੂਰ, ਅਮੀਰਪੁਸ਼ੀ, ਪ੍ਰਣਬ ਬੈਨਰਜੀ, ਰਾਜਸਥਾਨ ਦੀ ਅਕਸ਼ਰਾ, ਤੋਸ਼ਿਫ਼ ਤੇ ਉੱਤਰਾਖੰਡ ਦੇ ਆਕਾਸ਼ ਬਿਸ਼ਟ ਵੱਜੋਂ ਹੋਈ ਹੈ। ਮੁਲਜ਼ਮਾਂ ਕੋਲੋਂ 20 ਲੈਪਟਾਪ, 1.44 ਲੱਖ ਰੁਪਏ, ਵਿਦੇਸ਼ੀ ਕਰੰਸੀ, 3 ਪਾਸਪੋਰਟ ਤੇ ਬੈਂਕਾਂ ਦੀਆਂ 3 ਚੈੱਕ ਬੁੱਕਾਂ ਬਰਾਮਦ ਕੀਤੀਆਂ ਹਨ। ਜਾਂਚ ’ਚ ਸਾਹਮਣੇ ਆਇਆ ਹੈ ਕਿ ਤਿੰਨ ਤਰੀਕੇ ਅਪਣਾ ਕੇ ਮੁਲਜ਼ਮ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਨਦੀਮ ਮਾਸਟਰਮਾਈਂਡ ਹੈ। ਸਾਰੇ ਮੁਲਜ਼ਮ ਜ਼ੀਰਕਪੁਰ ਥਾਣਾ ਪੁਲਸ ਦੇ ਰਿਮਾਂਡ ’ਤੇ ਹਨ। ਐੱਸ.ਪੀ. (ਜਾਂਚ) ਜਿਓਤੀ ਯਾਦਵ ਅਨੁਸਾਰ ਗਿਰੋਹ ਦੇ ਕਈ ਮੈਂਬਰ ਜ਼ੀਰਕਪੁਰ ’ਚ ਵੱਖ-ਵੱਖ ਥਾਵਾਂ ’ਤੇ ਕਿਰਾਏ ਦੇ ਮਕਾਨਾਂ ’ਚ ਰਹਿ ਕੇ ਫਰਜ਼ੀ ਕਾਲ ਸੈਂਟਰ ਚਲਾ ਰਹੇ ਹਨ।

ਅਮਰੀਕੀ ਮੂਲ ਦੇ ਲੋਕਾਂ ਨਾਲ ਧੋਖਾਧੜੀ ਕਰਨ ਲਈ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਂਦਾ ਸੀ। ਜੁਆਇਨਿੰਗ ਤੋਂ ਬਾਅਦ ਆਈ.ਟੀ. ਮਾਹਿਰ, ਗ੍ਰੈਜੂਏਟ ਤੇ 12ਵੀਂ ਪਾਸ ਅੰਗਰੇਜ਼ੀ ਬੋਲਣ ’ਚ ਮਾਹਿਰ ਮੁੰਡੇ-ਕੁੜੀਆਂ ਤਿੰਨ ਤਰੀਕੀਆਂ ਨਾਲ ਮਨਸੂਬੇ ਨੂੰ ਅੰਜਾਮ ਦਿੰਦੇ ਸਨ।
ਕਾਲ ਕਰਕੇ ਅਮਰੀਕੀ ਨੂੰ ਦੱਸਿਆ ਜਾਂਦਾ ਸੀ ਕਿ ਉਹ ਮੈਕਸੀਕੋ ਬਾਰਡਰ ਤੋਂ ਗੱਲ ਕਰ ਰਹੇ ਹਨ। ਉਨ੍ਹਾਂ ਦੇ ਨਾਂ ਦਾ ਇਤਰਾਜ਼ਯੋਗ ਸਾਮਾਨ ਨਾਲ ਭਰਿਆ ਪਾਰਸਲ ਫੜਿਆ ਗਿਆ ਹੈ, ਇਸ ਲਈ ਲੋੜੀਂਦੀ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਬਾਅਦ ਐਪ ਦੀ ਵਰਤੋਂ ਕਰਕੇ ਉਸ ਵਿਅਕਤੀ ਤੇ ਬੈਂਕ ਖਾਤੇ ਨਾਲ ਸਬੰਧਤ ਜਾਣਕਾਰੀ ਹਾਸਲ ਕਰਕੇ ਦੱਸੇ ਗਏ ਖਾਤਿਆਂ ’ਚ ਪੈਸੇ ਟ੍ਰਾਂਸਫਰ ਕਰਵਾਏ ਜਾਂਦੇ ਸਨ।
ਦੂਸਰਾ ਤਰੀਕਾ – ਅਮਰੀਕੀ ਨਾਗਰਿਕ ਨੂੰ ਕਾਲ ਕਰ ਕੇ ਖ਼ੁਦ ਨੂੰ ਸਰਵਿਸ ਪ੍ਰੋਵਾਈਡਰ ਦੱਸ ਕੇ ਗੱਲਾਂ ’ਚ ਉਲਝਾ ਦਿੱਤਾ ਜਾਂਦਾ ਸੀ। ਮੁਲਜ਼ਮ ਲਿੰਕ ’ਤੇ ਕਲਿੱਕ ਕਰਵਾ ਲੈਂਦਾ ਸੀ, ਫਿਰ ਬੈਂਕ ਖਾਤੇ ’ਚੋਂ ਪੈਸੇ ਟ੍ਰਾਂਸਫਰ ਕਰਵਾ ਲੈਂਦਾ ਸੀ।
ਤੀਜਾ ਤਰੀਕਾ – ਅਮਰੀਕੀ ਮੂਲ ਦੇ ਵਿਅਕਤੀ ਨੂੰ ਇਕ ਲਿੰਕ ਭੇਜ ਕੇ ਉਸ ’ਤੇ ਕਲਿੱਕ ਕਰਵਾ ਕੇ ਖਾਤੇ ਦੀ ਜਾਣਕਾਰੀ ਹਾਸਲ ਕਰ ਸੇਂਧ ਲਾਈ ਜਾਂਦੀ ਸੀ।

ਮੁਲਜ਼ਮਾਂ ਕੋਲੋਂ ਬਰਾਮਦ ਲੈਪਟਾਪ ਦੇ ਡਾਟਾ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਹੁਣ ਤੱਕ ਕਿੰਨੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਕਿੰਨੇ ਪੈਸੇ ਦੀ ਧੋਖਾਧੜੀ ਕਰ ਚੁੱਕੇ ਹਨ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਕ੍ਰਿਪਟੋ ਕਰੰਸੀ ਤੇ ਬਿਟਕੁਆਇਨ ਵੀ ਟਰਾਂਸਫਰ ਕਰਵਾ ਲੈਂਦੇ ਸਨ। ਐੱਸ.ਪੀ. ਨੇ ਦੱਸਿਆ ਕਿ ਫੜ੍ਹੇ ਗਏ ਅਫਰੀਕੀ ਮੂਲ ਦੇ ਮੁਲਜ਼ਮ ਪਾਸਪੋਰਟ ਐਕਸਪਾਇਰ ਹੋਣ ਦੇ ਬਾਵਜੂਦ ਰਹਿ ਰਹੇ ਸਨ। ਸਾਰੇ ਕਰਮਚਾਰੀਆਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਉਹ ਧੋਖਾਧੜੀ ਕਰ ਰਹੇ ਸਨ ਤੇ ਉਨ੍ਹਾਂ ਨੂੰ 25 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਤੇ ਧੋਖਾਧੜੀ ਦੇ ਪੈਸਿਆਂ ’ਚੋਂ ਕੁਝ ਹਿੱਸਾ ਦਿੱਤਾ ਜਾਂਦਾ ਸੀ।