ਚੰਡੀਗੜ੍ਹ, 24 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ ਬੇਖ਼ੌਫ ਹੋ ਕੇ ਆਪਣਾ ਨੈਟਵਰਕ ਵੱਡਾ ਕਰਨ ਲਈ ਵਿਦੇਸ਼ਾਂ ‘ਚ ਬੈਠੇ ਗੈਂਗਸਟਰ ਲਗਾਤਾਰ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਫਿਰੌਤੀਆਂ ਲਈ ਵਪਾਰੀ ਵਰਗ ਸਮੇਤ ਹੋਰਨਾਂ ‘ਚ ਡਰ ਦਾ ਮਾਹੌਲ ਪੈਦਾ ਕਰਨ ਲਈ ਵਿਦੇਸ਼ਾਂ ‘ਚ ਬੈਠੇ ਗੈਂਗਸਟਰ ਸੂਬੇ ‘ਚ ਆਪਣੇ ਨੈੱਟਵਰਕ ਜ਼ਰੀਏ ਸਥਾਨਕ ਗੁਰਗਿਆਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨੈੱਟਵਰਕ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਹਨ ਜੋ ਪੰਜਾਬ ਵਿਚ ਹੀ ਬੈਠ ਕੇ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਲਈ ਧਮਕੀ ਭਰੇ ਫ਼ੋਨ ਖੜਕਾਉਂਦੇ ਹਨ। ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਦੀ ਸ਼ਹਿ ‘ਤੇ ਇਥੇ ਬੈਠੇ ਉਨ੍ਹਾਂ ਦੇ ਗੁਰਗੇ ਬਿਨਾਂ ਕਿਸੇ ਡਰ ਭੈਅ ਤੋਂ ਲੋਕਾਂ ਨੂੰ ਫਿਰੌਤੀਆਂ ਲਈ ਫੋਨ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਅਤੇ ਜੇਕਰ ਉਨ੍ਹਾਂ ਨੂੰ ਆਪਣਾ ਮਕਸਦ ਕਾਮਯਾਬ ਹੁੰਦਾ ਨਾ ਦਿਖਾਈ ਦੇਵੇ ਤਾਂ ਉਹ ਫਿਰੌਤੀ ਲਈ ਚੁਣੇ ਆਪਣੇ ਸ਼ਿਕਾਰ ਦੇ ਬੱਚਿਆਂ ਅਤੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਦੇ ਨੈਟਵਰਕ ‘ਚ ਗਲੀ-ਮੁਹੱਲਿਆਂ ਦੇ ਬਦਮਾਸ਼ਾਂ ਨੂੰ ਵੀ ਜੋੜਿਆ ਜਾ ਰਿਹਾ ਹੈ, ਜੋ ਸਿਰਫ਼ ਪੈਸਿਆਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਇਲਾਕੇ ਦੀ ਜਾਣਕਾਰੀ ਹੋਣ ਦਾ ਫ਼ਾਇਦਾ ਚੁੱਕ ਕੇ ਉਹ ਆਪਣੇ ਸ਼ਿਕਾਰ ਦੀ ਲਗਾਤਾਰ ਰੇਕੀ ਕਰਦੇ ਹਨ ਅਤੇ ਪਰਿਵਾਰਕ ਮੈਂਬਰਾਂ ਸਮੇਤ ਬੱਚਿਆਂ ਦੇ ਆਉਣ ਜਾਣ ਤੱਕ ਦੀ ਵੀ ਸਾਰੀ ਜਾਣਕਾਰੀ ਇਕੱਤਰ ਕਰਦੇ ਹਨ, ਤਾਂ ਜੋ ਆਪਣੇ ਸ਼ਿਕਾਰ ਨੂੰ ਹੋਰ ਵੀ ਡਰਾਇਆ ਜਾ ਸਕੇ। ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕ ਪੁਲਿਸ ‘ਚ ਇਸ ਦੀ ਸ਼ਿਕਾਇਤ ਕਰਦੇ ਹਨ ਅਤੇ ਪਰਚੇ ਵੀ ਦਰਜ ਕਰ ਲਏ ਜਾਂਦੇ ਹਨ ਪਰ ਕੁਝ ਲੋਕ ਡਰ ਦੇ ਚੱਲਦੇ ਪੁਲਿਸ ਨੂੰ ਵੀ ਸੂਚਿਤ ਨਹੀਂ ਕਰਦੇ, ਜਿਸ ਕਾਰਨ ਅਜਿਹੇ ਬਦਮਾਸ਼ਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਰਿੰਦਾ ਅਤੇ ਗੈਂਗਸਟਰ ਗੋਲਡੀ ਬਰਾੜ ਦੇ ਖਿਲਾਫ ਫਿਰੌਤੀ, ਧਮਕੀ ਸਮੇਤ ਕਈ ਹੋਰ ਅਪਰਾਧਿਕ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਪਰ ਇਹ ਗੈਂਗਸਟਰ ਅਜਿਹੇ ਪਰਚਿਆਂ ਦੀ ਪ੍ਰਵਾਹ ਕੀਤੇ ਬਗੈਰ ਵਿਦੇਸ਼ਾਂ ‘ਚ ਬੈਠ ਕੇ ਪੰਜਾਬ ‘ਚ ਆਪਣਾ ਨੈੱਟਵਰਕ ਹੋਰ ਫੈਲਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਅੰਕੜੇ ਦੱਸਦੇ ਹਨ ਕਿ 2022 ਵਿਚ ਜਬਰਨ ਵਸੂਲੀ ਸਬੰਧੀ ਪੰਜਾਬ ‘ਚ ਵੱਖ-ਵੱਖ ਥਾਈਂ 206 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ, ਜਦਕਿ ਸਾਲ 2023 ਵਿਚ ਵੀ ਇਹ ਅੰਕੜੇ ਅਜਿਹੇ ਹੀ ਰਹੇ। ਪੰਜਾਬ ‘ਚ ਫਿਰੌਤੀ ਲਈ ਗੈਂਗਸਟਰਾਂ ਦੇ ਫੋਨਾਂ ਦਾ ਮਾਮਲਾ ਜਿੱਥੇ ਪਿਛਲੇ ਸਮੇਂ ਦੌਰਾਨ ਵੱਡਾ ਮੁੱਦਾ ਬਣਿਆ ਰਿਹਾ ਹੈ, ਓਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਮੁੱਦੇ ਉਤੇ ਵਿਧਾਨ ਸਭਾ ਵਿਚ ਵੀ ਵਿਰੋਧੀ ਧਿਰਾਂ ਘੇਰਦੀਆਂ ਰਹੀਆਂ ਹਨ।