* ਨਿਗਮ ਚੋਣਾਂ ਵੀ ਨਵੰਬਰ ਮਹੀਨੇ ਹੋਣਗੀਆਂ
ਚੰਡੀਗੜ੍ਹ, 15 ਅਗਸਤ (ਪੰਜਾਬ ਮੇਲ)- ਪੰਜਾਬ ‘ਚ ਪੰਚਾਇਤੀ ਚੋਣਾਂ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਹੋ ਸਕਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਗੈਰ-ਰਸਮੀ ਤੌਰ ‘ਤੇ ਕੈਬਨਿਟ ਵਜ਼ੀਰਾਂ ਨਾਲ ਸਲਾਹ-ਮਸ਼ਵਰਾ ਕਰਦਿਆਂ ਇਸ ਫ਼ੈਸਲੇ ਤੋਂ ਜਾਣੂ ਕਰਵਾਇਆ। ਸੂਬਾ ਸਰਕਾਰ ਅਗਾਮੀ ਚਾਰ ਜ਼ਿਮਨੀ ਚੋਣਾਂ ਮਗਰੋਂ ਹੀ ਪੰਚਾਇਤ ਚੋਣਾਂ ਕਰਾਉਣ ਦੇ ਰੌਂਅ ਵਿਚ ਹੈ। ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦੀ ਤਿਆਰੀ ਪਹਿਲਾਂ ਹੀ ਵਿੱਢ ਦਿੱਤੀ ਹੈ। ਬੀਤੇ ਦਿਨੀਂ ਪਾਰਟੀ ਵਿਧਾਇਕਾਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਨੂੰ ਪਿੰਡਾਂ ‘ਚ ਜਾਣ ਦੇ ਹੁਕਮ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨਵੰਬਰ ਮਹੀਨੇ ‘ਚ ਹੀ ਨਗਰ ਕੌਂਸਲ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਅੱਜ ਐਡਵੋਕੇਟ ਜਨਰਲ ਨੂੰ ਵੀ ਇਸ ਰਾਇ ਤੋਂ ਜਾਣੂ ਕਰਵਾ ਦਿੱਤਾ ਹੈ ਕਿਉਂਕਿ ਚੋਣਾਂ ਦਾ ਮਾਮਲਾ ਹਾਈ ਕੋਰਟ ਵਿਚ ਬਕਾਇਆ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਨਵੰਬਰ ਮਹੀਨੇ ‘ਚ ਹੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਕੰਮ ਨਿਬੇੜਨ ਲਈ ਕਿਹਾ ਹੈ। ਸੂਬਾ ਸਰਕਾਰ ਉਸ ਤੋਂ ਪਹਿਲਾਂ ਪੇਂਡੂ ਤੇ ਸ਼ਹਿਰੀ ਵਿਕਾਸ ਲਈ ਫ਼ੰਡ ਵੀ ਜਾਰੀ ਕਰੇਗੀ।
ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਵਿਚ ਬਲਾਕ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀ ਮਿਆਦ ਖ਼ਤਮ ਹੋ ਰਹੀ ਹੈ, ਜਿਸ ਕਰਕੇ ਸਰਕਾਰ ਨੇ ਚੋਣਾਂ ਲਈ ਇਹ ਮਹੀਨਾ ਹੀ ਚੁਣਿਆ ਹੈ। ਸੂਬਾ ਚੋਣ ਕਮਿਸ਼ਨ ਨੇ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਕਰਾਉਣ ਲਈ ਵੋਟਰ ਸੂਚੀਆਂ ‘ਚ ਸੁਧਾਈ ਦੀਆਂ ਤਰੀਕਾਂ ਵੀ ਤੈਅ ਕੀਤੀਆਂ ਹਨ। ਪਾਰਟੀ ਦੇ ਵਿਧਾਇਕਾਂ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਵਾਰਡ ਅਨੁਸਾਰ ਕਰਵਾਉਣ ਦੀ ਥਾਂ ਖੁੱਲ੍ਹੀਆਂ ਹੀ ਕਰਵਾਉਣ ਦੀ ਮੰਗ ਕੀਤੀ ਸੀ।
ਮੁੱਖ ਮੰਤਰੀ ਨੇ ਸੰਵਿਧਾਨਿਕ ਅੜਚਨ ਦੇ ਹਵਾਲੇ ਨਾਲ ਵਿਧਾਇਕਾਂ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਹੈ। ਮੁੱਖ ਮੰਤਰੀ ਚਾਹੁੰਦੇ ਸਨ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਚਾਇਤੀ ਚੋਣਾਂ ਕਰਵਾ ਲਈਆਂ ਜਾਣ ਪਰ ਕੁੱਝ ਤਕਨੀਕੀ ਮੁਸ਼ਕਲਾਂ ਕਰਕੇ ਅਜਿਹਾ ਸੰਭਵ ਨਹੀਂ ਹੋ ਸਕਿਆ। ਸੂਤਰਾਂ ਅਨੁਸਾਰ ਪੰਜਾਬ ਕੈਬਨਿਟ ਨੇ ਅੱਜ ‘ਪੰਜਾਬ ਪੰਚਾਇਤੀ ਰਾਜ ਰੂਲਜ਼ 1994’ ਦੀ ਧਾਰਾ 12 ਵਿਚ ਸੋਧ ਕੀਤੀ ਹੈ, ਤਾਂ ਜੋ ਪਾਰਟੀ ਦੇ ਚੋਣ ਨਿਸ਼ਾਨ ‘ਤੇ ਕੋਈ ਉਮੀਦਵਾਰ ਚੋਣ ਨਾ ਲੜ ਸਕੇ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਦੱਸਣਯੋਗ ਹੈ ਕਿ ਅਕਤੂਬਰ ਮਹੀਨੇ ਵਿਚ ਹਰਿਆਣਾ ‘ਚ ਚੋਣਾਂ ਹੋ ਰਹੀਆਂ ਹਨ। ਪੰਜਾਬ ਦੀਆਂ ਚਾਰ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਵੀ ਇਨ੍ਹਾਂ ਚੋਣਾਂ ਨਾਲ ਹੀ ਹੋ ਸਕਦੀਆਂ ਹਨ। ਸੂਬੇ ਵਿਚ 13,241 ਗ੍ਰਾਮ ਪੰਚਾਇਤਾਂ, 150 ਪੰਚਾਇਤ ਸਮਿਤੀਆਂ ਅਤੇ 22 ਜ਼ਿਲ੍ਹਾ ਪਰਿਸ਼ਦ ਹਨ।