#PUNJAB

ਪੰਜਾਬ ‘ਚ ਪ੍ਰਸ਼ਾਸਨਿਕ ਤੇ ਪੁਲਿਸ ਫੇਰਬਦਲ ਬਾਰੇ ਜਲਦ ਲਿਆ ਜਾਵੇਗਾ ਫ਼ੈਸਲਾ

ਜਲੰਧਰ, 16 ਜੁਲਾਈ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿਚ ਪ੍ਰਸ਼ਾਸਨਿਕ ਤੇ ਪੁਲਸ ਫੇਰਬਦਲ ਬਾਰੇ ਜਲਦ ਫ਼ੈਸਲਾ ਲਿਆ ਜਾਵੇਗਾ। ਸੂਬੇ ਵਿਚ ਸਾਲਾਨਾ ਵਿਭਾਗੀ ਤਬਾਦਲੇ ਵੀ ਅਜੇ ਪੈਂਡਿੰਗ ਪਏ ਹੋਏ ਹਨ। ਇਨ੍ਹਾਂ ਤਬਾਦਲਿਆਂ ਵਿਚ ਲੋਕ ਸਭਾ ਚੋਣਾਂ ਕਾਰਨ ਦੇਰੀ ਹੋਈ ਹੈ।
ਪਹਿਲਾਂ ਲੋਕ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਉਪ-ਚੋਣ ਕਾਰਨ ਸੂਬਾ ਸਰਕਾਰ ਤਬਾਦਲਿਆਂ ਬਾਰੇ ਫੈਸਲਾ ਨਹੀਂ ਲੈ ਸਕੇਗੀ। ਮੁੱਖ ਮੰਤਰੀ ਨੇ ਕੈਬਨਿਟ ਦੀ ਬੈਠਕ ਵੀ ਸੱਦਣੀ ਹੈ, ਜਿਸ ਵਿਚ ਸਾਲਾਨਾ ਤਬਾਦਲਿਆਂ ਸਬੰਧੀ ਨੀਤੀ ਬਣਾਈ ਜਾਵੇਗੀ ਅਤੇ ਵਿਭਾਗੀ ਤਬਾਦਲਿਆਂ ਦਾ ਸਮਾਂ ਤੈਅ ਕੀਤਾ ਜਾਵੇਗਾ। ਇਸੇ ਤਰ੍ਹਾਂ ਜ਼ਿਲ੍ਹਿਆਂ ਵਿਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਵੀ ਪੈਂਡਿੰਗ ਪਏ ਹਨ।
ਸਰਕਾਰੀ ਹਲਕਿਆਂ ਵਿਚ ਕਿਹਾ ਜਾ ਰਿਹਾ ਹੈ ਕਿ ਤਬਾਦਲਿਆਂ ਸਬੰਧੀ ਮੁੱਖ ਮੰਤਰੀ ਵੱਲੋਂ ਅਗਲੇ 2-3 ਦਿਨਾਂ ‘ਚ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਤਬਾਦਲੇ ਇਸ ਲਈ ਵੀ ਲਾਜ਼ਮੀ ਹੋ ਗਏ ਹਨ ਕਿਉਂਕਿ ਆਉਣ ਵਾਲੇ ਸਮੇਂ ‘ਚ ਸੂਬੇ ਵਿਚ ਸਰਕਾਰ ਨੇ ਜਿੱਥੇ ਕਾਰਪੋਰੇਸ਼ਨ ਚੋਣਾਂ ਕਰਵਾਉਣੀਆਂ ਹਨ, ਉੱਥੇ ਹੀ ਕੇਂਦਰੀ ਚੋਣ ਕਮਿਸ਼ਨ ਨੇ 4 ਵਿਧਾਨ ਸਭਾ ਸੀਟਾਂ ‘ਤੇ ਉਪ-ਚੋਣਾਂ ਵੀ ਕਰਵਾਉਣੀਆਂ ਹਨ।