#PUNJAB

ਪੰਜਾਬ ‘ਚ ਨਸ਼ਾ ਤਸਕਰਾਂ ਦੀ ਗਿਣਤੀ ਨਸ਼ੇੜੀਆਂ ਨਾਲੋਂ ਵੱਧ

ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਵਿਚ ਵੀ ਪੰਜਾਬ ਮੋਹਰੀ
ਚੰਡੀਗੜ੍ਹ, 3 ਅਕਤੂਬਰ (ਪੰਜਾਬ ਮੇਲ)-ਕੌਮੀ ਅਪਰਾਧ ਰਿਕਾਰਡਜ਼ ਬਿਊਰੋ (ਐੱਨ.ਸੀ.ਆਰ.ਬੀ.) ਵੱਲੋਂ ਜਾਰੀ ਕੀਤੀ ਗਈ 2023 ਦੀ ਤਾਜ਼ਾ ਦੇਸ਼ਵਿਆਪੀ ਵਿਸ਼ਲੇਸ਼ਣਾਤਮਕ ਰਿਪੋਰਟ ਅਨੁਸਾਰ, ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਦੀ ਗਿਣਤੀ, ਇਨ੍ਹਾਂ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਨਾਲੋਂ ਵੱਧ ਹੈ। ਰਿਪੋਰਟ ਮੁਤਾਬਕ ਪ੍ਰਤੀ ਲੱਖ ਆਬਾਦੀ ਦੇ ਹਿਸਾਬ ਨਾਲ ਨਸ਼ਾ ਤਸਕਰੀ ਦੇ ਸਭ ਤੋਂ ਵੱਧ 25.3 ਮਾਮਲਿਆਂ ਨਾਲ ਪੰਜਾਬ ਦੇਸ਼ ਭਰ ਵਿਚ ਪਹਿਲੇ ਸਥਾਨ ‘ਤੇ ਰਿਹਾ। ਇਸ ਦੇ ਉਲਟ, ਨਸ਼ਿਆਂ ਦੀ ਵਰਤੋਂ ਦੇ ਮਾਮਲੇ 12.4 ਪ੍ਰਤੀ ਲੱਖ ਰਹੇ ਜੋ ਕਿ ਵਰਤੋਂ ਨਾਲੋਂ ਜ਼ਿਆਦਾ ਤਸਕਰੀ ਵੱਲ ਸਪੱਸ਼ਟ ਝੁਕਾਅ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ ਪੰਜਾਬ ਲਗਾਤਾਰ ਦੂਜੇ ਸਾਲ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਦੇਸ਼ ‘ਚ ਸਭ ਤੋਂ ਅੱਗੇ ਰਿਹਾ। ਇਥੇ ਅਜਿਹੀਆਂ 89 ਮੌਤਾਂ ਦਰਜ ਕੀਤੀਆਂ ਗਈਆਂ। ਹਾਲਾਂਕਿ, ਇਹ ਗਿਣਤੀ ਪਿਛਲੇ ਸਾਲ 144 ਸੀ।
ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਨਸ਼ਾ ਤਸਕਰੀ ਦੇ ਅਨੁਪਾਤ ਵਿਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਰਾਜ ਵਜੋਂ ਸਾਹਮਣੇ ਆਇਆ ਹੈ। ਪਹਾੜੀ ਰਾਜ ਵਿਚ 2023 ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ 2,146 ਮਾਮਲੇ ਦਰਜ ਹੋਏ। ਇਨ੍ਹਾਂ ਵਿਚੋਂ ਨਸ਼ੇ ਦੀ ਵਰਤੋਂ ਕਰਨ ਦੇ 547 ਮਾਮਲੇ ਅਤੇ ਤਸਕਰੀ ਦੇ 1,599 ਮਾਮਲੇ ਸਨ। ਇਸ ਤਹਿਤ ਨਸ਼ਿਆਂ ਦੀ ਵਰਤੋਂ ਕਰਨ ਲਈ 7.3 ਪ੍ਰਤੀ ਲੱਖ ਦੇ ਮੁਕਾਬਲੇ ਤਸਕਰੀ ਕਰਨ ਲਈ ਅਨੁਪਾਤ 21.3 ਪ੍ਰਤੀ ਲੱਖ ਦਾ ਰਿਹਾ। ਪੰਜਾਬ ਅਤੇ ਜੰਮੂ ਨਾਲ ਲੱਗਦੀ ਇਸ ਦੀ ਭੂਗੋਲਿਕ ਸਥਿਤੀ ਇਸ ਨੂੰ ਨਸ਼ੀਲੇ ਪਦਾਰਥਾਂ ਦੇ ਪਹੁੰਚਣ ਅਤੇ ਅੱਗੇ ਭੇਜਣ ਦਾ ਜ਼ਰੀਆ ਬਣਾਉਂਦੀ ਹੈ। ਪੰਜਾਬ ਤਸਕਰੀ ਦੇ ਅਨੁਪਾਤ ਵਿਚ ਜਿੱਥੇ ਮੋਹਰੀ ਸੂਬੇ ਵਜੋਂ ਉੱਭਰਿਆ ਹੈ, ਉੱਥੇ ਹੀ ਇਹ ਐੱਨ.ਡੀ.ਪੀ.ਐੱਸ. ਐਕਟ ਦੇ ਕੁੱਲ ਮਾਮਲਿਆਂ ਦੀ ਗਿਣਤੀ _ਚ ਤੀਜੇ ਸਥਾਨ ‘ਤੇ ਰਿਹਾ ਹੈ। 2023 ਵਿਚ ਪੰਜਾਬ ‘ਚ ਕੁੱਲ 11,589 ਮਾਮਲੇ ਦਰਜ ਕੀਤੇ ਗਏ, ਜੋ ਕਿ ਕੇਰਲਾ (30,697) ਅਤੇ ਮਹਾਰਾਸ਼ਟਰ (15,610) ਨਾਲੋਂ ਘੱਟ ਹਨ। ਹਾਲਾਂਕਿ, ਇਨ੍ਹਾਂ ਦੱਖਣੀ ਸੂਬਿਆਂ ‘ਤੇ ਡੂੰਘਾਈ ਨਾਲ ਨਜ਼ਰ ਮਾਰਨ ‘ਤੇ ਇਕ ਹੋਰ ਰੁਝਾਨ ਸਾਹਮਣੇ ਆਉਂਦਾ ਹੈ ਕਿ ਉੱਥੇ ਜ਼ਿਆਦਾਤਰ ਮਾਮਲੇ ਤਸਕਰੀ ਦੀ ਬਜਾਏ ਵਰਤੋਂ ਨਾਲ ਸਬੰਧਤ ਸਨ।