ਚੰਡੀਗੜ੍ਹ, 17 ਅਗਸਤ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣ ਕਰਾਏ ਜਾਣ ਨੂੰ ਫ਼ਿਲਹਾਲ ਟਾਲ ਦਿੱਤਾ ਹੈ ਜਿਸ ਕਾਰਨ ‘ਆਪ’ ਸਰਕਾਰ ਨੇ ਸੁੱਖ ਦਾ ਸਾਹ ਲਿਆ ਹੈ। ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਸਰਕਾਰ ‘ਚ ਹਫ਼ੜਾ ਦਫ਼ੜੀ ਮੱਚ ਗਈ ਸੀ। ਸਰਕਾਰ ਨੇ ਚਾਰ ਸੀਟਾਂ ‘ਤੇ ਜ਼ਿਮਨੀ ਚੋਣਾਂ ਦੇ ਐਲਾਨ ਦੇ ਡਰੋਂ ਹੱਥੋਂ ਹੱਥ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਸਨ। ਉਮੀਦ ਕੀਤੀ ਜਾ ਰਹੀ ਸੀ ਕਿ ਭਾਰਤੀ ਚੋਣ ਕਮਿਸ਼ਨ ਹਰਿਆਣਾ ਚੋਣਾਂ ਦੇ ਨਾਲ ਹੀ ਪੰਜਾਬ ਦੀਆਂ ਚਾਰੇ ਸੀਟਾਂ ‘ਤੇ ਜ਼ਿਮਨੀ ਚੋਣ ਵੀ ਕਰਾਏਗਾ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ ਮਗਰੋਂ ਦੇਸ਼ ਭਰ ਵਿਚ 47 ਸੀਟਾਂ ‘ਤੇ ਉਪ ਚੋਣ ਕਰਾਈ ਜਾਵੇਗੀ। ਪੰਜਾਬ ‘ਚ ਚਾਰ ਸੀਟਾਂ ‘ਤੇ ਜ਼ਿਮਨੀ ਚੋਣਾਂ ਦਾ ਐਲਾਨ ਟਲਣ ਨਾਲ ਹੁਣ ਸੂਬਾ ਸਰਕਾਰ ਦੇ ਹੱਥ ਇੱਕ ਮੌਕਾ ਲੱਗ ਗਿਆ ਹੈ। ਪੰਜਾਬ ਵਿਚ ਜ਼ਿਮਨੀ ਚੋਣਾਂ ‘ਚ ਜਾਣ ਤੋਂ ਪਹਿਲਾਂ ਸੂਬਾ ਸਰਕਾਰ ਹਲਕਾ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਵਿਕਾਸ ਕੰਮ ਕਰਾਉਣਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਸੰਸਦ ਮੈਂਬਰ ਚੁਣੇ ਜਾਣ ਮਗਰੋਂ ਉਪਰੋਕਤ ਚਾਰ ਸੀਟਾਂ ਖ਼ਾਲੀ ਹੋਈਆਂ ਹਨ। ਹੁਣ ਇਨ੍ਹਾਂ ਸੀਟਾਂ ਤੋਂ ਟਿਕਟ ਲੈਣ ਵਾਸਤੇ ਵੀ ਚਾਹਵਾਨਾਂ ਨੇ ਜੋੜ ਤੋੜ ਲਾਉਣੇ ਸ਼ੁਰੂ ਕਰ ਦਿੱਤੇ ਹਨ। ‘ਆਪ’ ਲੀਡਰਸ਼ਿਪ ਦਾ ਕਹਿਣਾ ਹੈ ਕਿ ਪਾਰਟੀ ਵਿਚੋਂ ਹੀ ਸੀਨੀਅਰ ਆਗੂਆਂ ਨੂੰ ਟਿਕਟ ਦੇਣ ਨੂੰ ਤਰਜੀਹ ਦਿੱਤੀ ਜਾਵੇਗੀ।