-ਦੋਸ਼ੀਆਂ ਦੀ ਸਜ਼ਾ ਮੁਆਫੀ ਦੇ ਕੇਸ ਕੈਬਨਿਟ ਰਾਹੀਂ ਭੇਜਣ ਦੀ ਬਜਾਏ ਸਿੱਧੇ ਮੁੱਖ ਮੰਤਰੀ ਰਾਹੀਂ ਭੇਜਣ : ਰਾਜਪਾਲ
ਚੰਡੀਗੜ੍ਹ, 10 ਫਰਵਰੀ (ਪੰਜਾਬ ਮੇਲ)– ਰਾਜਪਾਲ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਦੇ ਕੇਸ ਕੈਬਨਿਟ ਰਾਹੀਂ ਭੇਜਣ ਦੀ ਬਜਾਏ ਸਿੱਧੇ ਮੁੱਖ ਮੰਤਰੀ ਰਾਹੀਂ ਭੇਜਣ। ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਜੇਲ੍ਹ ‘ਚ ਬੰਦ ਕੈਦੀਆਂ ਦੀ ਸਜ਼ਾ ‘ਚ ਰਾਹਤ ਜਾਂ ਮੁਆਫ਼ੀ ਦੇਣ ਸਬੰਧੀ ਲਏ ਗਏ ਫ਼ੈਸਲੇ ਨੂੰ ਮੌਜੂਦਾ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪਲਟ ਦਿੱਤਾ ਹੈ।
ਕੈਦੀਆਂ ਦੀ ਸਜ਼ਾ ਮੁਆਫ਼ੀ ਸਬੰਧੀ ਫਾਈਲਾਂ ਗਣਤੰਤਰ ਦਿਹਾੜੇ ਤੋਂ ਪਹਿਲਾਂ ਪਾਸ ਕੀਤੀਆਂ ਜਾਂਦੀਆਂ ਸਨ ਪਰ ਦਿੱਲੀ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਮੰਤਰੀਆਂ ਦੇ ਰੁਝੇਵਿਆਂ ਕਾਰਨ ਇਹ ਫਾਈਲਾਂ ਪਾਸ ਨਹੀਂ ਹੋ ਸਕੀਆਂ।
ਹੁਣ ਰਾਜਪਾਲ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਕਿ ਅਜਿਹੇ ਕੇਸ ਕੈਬਨਿਟ ‘ਚ ਲਿਆਂਦੇ ਬਿਨਾਂ ਸਿੱਧੇ ਉਨ੍ਹਾਂ ਨੂੰ ਭੇਜੇ ਜਾ ਸਕਦੇ ਹਨ। ਹੁਣ ਕੈਦੀਆਂ ਦੀ ਸਜ਼ਾ ‘ਚ ਰਾਹਤ ਦੇ ਮਾਮਲਿਆਂ ਨੂੰ ਹੱਲ ਕਰਨ ‘ਚ ਕੋਈ ਦੇਰੀ ਨਹੀਂ ਹੋਵੇਗੀ।
ਪੰਜਾਬ ‘ਚ ਕੈਦੀਆਂ ਦੀ ਸਜ਼ਾ ਮੁਆਫ਼ੀ ਬਾਰੇ ਅਹਿਮ ਫ਼ੈਸਲਾ
