#PUNJAB

ਪੰਜਾਬ ‘ਚ ‘ਆਪ’ ਸਰਕਾਰ ਕਰਜ਼ੇ ਚੁੱਕ-ਚੁੱਕ ਲਿਆ ਰਹੀ ਬਦਲਾਅ!

‘ਆਪ’ ਸਰਕਾਰ ਨੇ 700 ਕਰੋੜ ਰੁਪਏ ਦਾ ਹੋਰ ਕਰਜ਼ਾ ਚੁੱਕਿਆ
-ਢਾਈ ਸਾਲ ਦੀ ਸਰਕਾਰ ਤੇ 11 ਸਾਲਾਂ ਲਈ ਚੁੱਕਿਆ ਕਰਜ਼ਾ
ਚੰਡੀਗੜ੍ਹ, 7 ਅਗਸਤ (ਪੰਜਾਬ ਮੇਲ)-ਸੂਬੇ ‘ਚ ਬਦਲਾਅ ਦੇ ਨਾਂ ‘ਤੇ ਸੱਤਾ ‘ਚ ਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰਜ਼ੇ ਚੁੱਕ-ਚੁੱਕ ਕੇ ਬਦਲਾਅ ਲਿਆਂਦਾ ਜਾ ਰਿਹਾ ਹੈ। ਇਹ ਗੱਲ ਹੁਣ ਆਮ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਕਰਜ਼ਾ ਚੁੱਕ-ਚੁੱਕ ਕੇ ਸੂਬੇ ਨੂੰ ਰੰਗਲਾ ਬਣਾਉਣਗੇ, ਜਿਸ ਦਾ ਉਹ ਹਮੇਸ਼ਾ ਆਪਣੇ ਜਨਤਕ ਭਾਸ਼ਨ ‘ਚ ਜ਼ਿਕਰ ਕਰਦੇ ਰਹਿੰਦੇ ਹਨ।
ਸੱਤਾ ‘ਚ ਆਉਣ ਤੋਂ ਪਹਿਲਾਂ ਪੰਜਾਬ ਸਿਰ ਚੜ੍ਹੀ ਕਰਜ਼ਿਆਂ ਦੀ ਪੰਡ ਉਤਾਰਨ ਅਤੇ ਹੋਰ ਕਰਜ਼ੇ ਨਾ ਲੈਣ ਦੇ ਦਾਅਵੇ ਕਰਨ ਵਾਲੀ ‘ਆਪ’ ਸੱਤਾ ‘ਚ ਆਉਣ ਮਗਰੋਂ ਪੰਜਾਬ ਸਿਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਕਰਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਅਗਸਤ ਮਹੀਨਾ ਚੜ੍ਹਦੇ ਹੀ 700 ਕਰੋੜ ਰੁਪਏ ਦਾ ਹੋਰ ਕਰਜ਼ਾ ਚੁੱਕ ਲਿਆ ਹੈ ਅਤੇ ਇਸ ਦੀ ਵਾਪਸੀ 31 ਜੁਲਾਈ 2035 ਤੱਕ ਕਰਨੀ ਤੈਅ ਕੀਤੀ ਗਈ ਹੈ। ਸਰਕਾਰ ਕੋਲ ਮਹਿਜ਼ ਢਾਈ ਸਾਲ ਦੇ ਕਰੀਬ ਸਮਾਂ ਬਾਕੀ ਹੈ ਪਰ ਸਰਕਾਰ ਨੇ ਇਹ ਕਰਜ਼ਾ 11 ਸਾਲਾਂ ਲਈ ਚੁੱਕ ਲਿਆ ਹੈ। ਇਸ ਤੋਂ ਪਹਿਲਾਂ ‘ਆਪ’ ਦੀ ਸਰਕਾਰ ਨੇ 1 ਅਪ੍ਰੈਲ ਤੋਂ 25 ਜੂਨ ਤੱਕ 12000 ਕਰੋੜ ਦਾ ਕਰਜ਼ਾ ਚੁੱਕਿਆ ਸੀ। ਆਰ.ਬੀ.ਆਈ. ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ 2 ਅਪ੍ਰੈਲ ਨੂੰ 3000 ਕਰੋੜ, 8 ਅਪ੍ਰੈਲ ਨੂੰ 1000 ਕਰੋੜ, 23 ਅਪ੍ਰੈਲ ਨੂੰ 500 ਕਰੋੜ, 30 ਅਪ੍ਰੈਲ ਨੂੰ 1500 ਕਰੋੜ, 7 ਮਈ ਨੂੰ 500 ਕਰੋੜ, 14 ਮਈ ਨੂੰ 1000 ਕਰੋੜ, 28 ਮਈ ਨੂੰ 2000 ਕਰੋੜ, 4 ਜੂਨ ਨੂੰ 1000 ਕਰੋੜ, 11 ਜੂਨ ਨੂੰ 500 ਕਰੋੜ, 18 ਜੂਨ ਨੂੰ 500 ਕਰੋੜ ਅਤੇ 25 ਜੂਨ ਨੂੰ ਫਿਰ 500 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ।
ਇਸ ਸੰਬੰਧੀ ਵੇਰਵਾ ਸਰਕਾਰ ਵੱਲੋਂ ਆਰ.ਬੀ.ਆਈ. ਨੂੰ ਕਰਜ਼ਾ ਚੁੱਕਣ ਤੋਂ ਪਹਿਲਾਂ ਲਿਖਤੀ ਤੌਰ ‘ਤੇ ਭੇਜਿਆ ਗਿਆ ਸੀ ਕਿ ਅਪ੍ਰੈਲ ਤੋਂ ਜੂਨ ਤੱਕ ਸਰਕਾਰ ਇਸ ਮਿਆਦ ਵਿਚ ਇੰਨਾ ਕਰਜ਼ਾ ਚੁੱਕੇਗੀ। ਦੱਸਣਯੋਗ ਹੈ ਕਿ ਬੀਤੇ ਸਾਲ 29 ਦਸੰਬਰ 2023 ਨੂੰ ਪੰਜਾਬ ਸਰਕਾਰ ਨੇ ਆਰ.ਬੀ.ਆਈ. ਨੂੰ ਲਿਖ ਕੇ ਦੇ ਦਿੱਤਾ ਸੀ ਕਿ ਸਰਕਾਰ ਵੱਲੋਂ ਜਨਵਰੀ, ਫਰਵਰੀ ਅਤੇ ਮਾਰਚ ਮਹੀਨੇ ਕਿੰਨਾ ਕਰਜ਼ਾ ਚੁੱਕਿਆ ਜਾਵੇਗਾ, ਜਿਸ ਤਹਿਤ ਸਰਕਾਰ ਵੱਲੋਂ ਜਨਵਰੀ ਅਤੇ ਫਰਵਰੀ ਮਹੀਨੇ ਵਿਚ 3899 ਕਰੋੜ ਰੁਪਏ ਕਰਜ਼ਾ ਚੁੱਕਿਆ ਅਤੇ ਫਿਰ ਮਾਰਚ ਵਿਚ 3800 ਕਰੋੜ ਰੁਪਏ ਦਾ ਹੋਰ ਕਰਜ਼ਾ ਚੁੱਕ ਲਿਆ। ਇਹ ਕਰਜ਼ਾ ਪੰਜਾਬ ਸਰਕਾਰ ਵਲੋਂ ਆਰ.ਬੀ.ਆਈ. ਤੋਂ ਰਿਣ ਪੱਤਰਾਂ ਦੀ ਨਿਲਾਮੀ ਦੁਆਰਾ ਚੁੱਕਿਆ ਜਾ ਰਿਹਾ ਹੈ।