#PUNJAB

ਪੰਜਾਬ ‘ਚ ਆਗਾਮੀ ਜ਼ਿਮਨੀ ਚੋਣਾਂ ‘ਮਿਸ਼ਨ 2027’ ਦਾ ਮੁੱਢ ਬੰਨ੍ਹਣਗੀਆਂ

ਚੰਡੀਗੜ੍ਹ, 1 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ ਆਗਾਮੀ ਜ਼ਿਮਨੀ ਚੋਣਾਂ ‘ਮਿਸ਼ਨ 2027’ ਦਾ ਮੁੱਢ ਬੰਨ੍ਹਣਗੀਆਂ। ਇਸੇ ਕਰ ਕੇ ਸਿਆਸੀ ਧਿਰਾਂ ਦਾ ਮੁੱਖ ਨਿਸ਼ਾਨਾ ਹੁਣ ਜ਼ਿਮਨੀ ਚੋਣਾਂ ਹਨ। ਸੱਤਾ ਧਿਰ ਲਈ ਜਲੰਧਰ (ਪੱਛਮੀ) ਦੀ ਜ਼ਿਮਨੀ ਚੋਣ ‘ਕਰੋ ਜਾਂ ਮਰੋ’ ਦਾ ਸਵਾਲ ਹੈ। ਆਉਂਦਾ ਇੱਕ ਵਰ੍ਹਾ ਤਾਂ ਚੋਣਾਂ ਦੇ ਰੌਲੇ-ਰੱਪੇ ਵਿਚ ਹੀ ਲੰਘਣਾ ਹੈ ਕਿਉਂਕਿ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਅਤੇ ਨਿਗਮ ਚੋਣਾਂ ਵੀ ਫ਼ੌਰੀ ਕਰਾਉਣ ਦੇ ਰੌਂਅ ਵਿਚ ਹੈ, ਜਿਸ ਦੀ ਤਿਆਰੀ ਵਿੱਢ ਦਿੱਤੀ ਗਈ ਹੈ। ਸਿਆਸੀ ਧਿਰਾਂ ਲਈ ਪਹਿਲੀ ਪ੍ਰੀਖਿਆ ਜਲੰਧਰ ਪੱਛਮੀ ਦੀ ਚੋਣ ਹੈ। ਹਾਕਮ ਧਿਰ ਜਲੰਧਰ ਪੱਛਮੀ ਚੋਣ ਜਿੱਤਣ ਲਈ ਪੂਰਾ ਜ਼ੋਰ ਲਾ ਰਹੀ ਹੈ। ਕਾਂਗਰਸ ਪਾਰਟੀ ਜਲੰਧਰ ਚੋਣ ਨੂੰ ਵੱਕਾਰੀ ਮੰਨ ਰਹੀ ਹੈ।
ਭਾਜਪਾ ਲਈ ਵੋਟ ਫੀਸਦੀ ਪੱਖੋਂ ਜਲੰਧਰ ਜ਼ਿਮਨੀ ਚੋਣ ਅਹਿਮ ਹੈ। ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਮਗਰੋਂ ਕਿਸੇ ਵੇਲੇ ਵੀ ਚੋਣ ਕਮਿਸ਼ਨ ਵਿਧਾਨ ਸਭਾ ਹਲਕਾ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੀ ਜ਼ਿਮਨੀ ਚੋਣ ਦਾ ਐਲਾਨ ਕਰ ਸਕਦਾ ਹੈ। ਜਲੰਧਰ ਪੱਛਮੀ ਚੋਣ ਦਾ ਨਤੀਜਾ ਇਨ੍ਹਾਂ ਉਪਰੋਕਤ ਚਾਰ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਪ੍ਰਭਾਵਿਤ ਕਰੇਗਾ। ਡਿਬਰੂਗੜ੍ਹ ਜੇਲ੍ਹ ਵਿਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਨੇ ਵੀ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਡਿਬਰੂਗੜ੍ਹ ਜੇਲ੍ਹ ਵਿਚ ਬੰਦ ਦਲਜੀਤ ਸਿੰਘ ਕਲਸੀ ਦੇ ਡੇਰਾ ਬਾਬਾ ਨਾਨਕ ਤੋਂ, ਬਰਨਾਲਾ ਤੋਂ ਕੁਲਵੰਤ ਸਿੰਘ ਰਾਊਕੇ ਅਤੇ ਗਿੱਦੜਬਾਹਾ ਤੋਂ ਭਗਵੰਤ ਸਿੰਘ ਬਾਜੇਕੇ ਦੇ ਚੋਣ ਲੜਨ ਦੇ ਚਰਚੇ ਹਨ। ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚੋਣ ਲੜਨ ਦੇ ਵੀ ਚਰਚੇ ਹਨ। ਸ਼੍ਰੋਮਣੀ ਅਕਾਲੀ ਦਲ ਵਿਚ ਅੰਦਰੂਨੀ ਕਲੇਸ਼ ਛਿੜਿਆ ਹੋਇਆ ਹੈ, ਜਿਸ ਦਾ ਅਸਰ ਜ਼ਿਮਨੀ ਚੋਣਾਂ ‘ਤੇ ਵੀ ਪਵੇਗਾ।
ਸਾਲ 1995 ਵਿਚ ਗਿੱਦੜਬਾਹਾ ਦੀ ਜ਼ਿਮਨੀ ਚੋਣ ਹੋਈ ਸੀ ਅਤੇ ਉਸ ਵੇਲੇ ਤਤਕਾਲੀ ਬੇਅੰਤ ਸਿੰਘ ਦੀ ਸਰਕਾਰ ਨੇ ਪੂਰੀ ਸ਼ਕਤੀ ਝੋਕ ਦਿੱਤੀ ਸੀ ਪ੍ਰੰਤੂ ਇਹ ਸੀਟ ਉਦੋਂ ਅਕਾਲੀ ਦਲ ਦੀ ਝੋਲੀ ਪਈ ਸੀ ਅਤੇ ਮਨਪ੍ਰੀਤ ਸਿੰਘ ਬਾਦਲ ਪਹਿਲੀ ਵਾਰ ਵਿਧਾਇਕ ਬਣੇ ਸਨ। ਗਿੱਦੜਬਾਹਾ ਸੀਟ ‘ਤੇ ਸਾਲ 1977 ਤੋਂ ਹੁਣ ਤੱਕ 10 ਵਾਰ ਦੀ ਚੋਣ ‘ਚੋਂ ਛੇ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਮਿਲੀ ਹੈ, ਜਦੋਂਕਿ ਚਾਰ ਵਾਰ ਕਾਂਗਰਸ ਜੇਤੂ ਰਹੀ ਹੈ। ਪਿਛਲੀਆਂ ਤਿੰਨ ਚੋਣਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੇਤੂ ਰਹੇ ਹਨ। ਗਿੱਦੜਬਾਹਾ ਸੀਟ ਤੋਂ ਤਿੰਨ ਵਾਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੇਤੂ ਰਹੇ ਹਨ। ਇਸੇ ਤਰ੍ਹਾਂ ਬਰਨਾਲਾ ਸੀਟ ਤੋਂ 10 ‘ਚੋਂ ਤਿੰਨ ਵਾਰ ਕਾਂਗਰਸ ਜੇਤੂ ਰਹੀ ਹੈ, ਜਦੋਂਕਿ ਚਾਰ ਵਾਰ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਈ ਹੈ। ਬੀਤੀਆਂ ਦੋ ਚੋਣਾਂ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਜਿੱਤੀਆਂ ਹਨ। ਡੇਰਾ ਬਾਬਾ ਨਾਨਕ ਤੋਂ ਪਿਛਲੀਆਂ ਤਿੰਨ ਚੋਣਾਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਜਿੱਤੀਆਂ ਹਨ, ਜਦੋਂਕਿ ਚੱਬੇਵਾਲ ਸੀਟ ਤੋਂ ਲੰਘੀਆਂ ਦੋ ਚੋਣਾਂ ਵਿਚ ਡਾ. ਰਾਜ ਕੁਮਾਰ ਚੱਬੇਵਾਲ ਨੇ ਜਿੱਤ ਹਾਸਲ ਕੀਤੀ ਅਤੇ ਸਾਲ 2012 ਵਿਚ ਇਹ ਸੀਟ ਅਕਾਲੀ ਦਲ ਨੇ ਪ੍ਰਾਪਤ ਕੀਤੀ ਸੀ। ਜ਼ਿਮਨੀ ਚੋਣ ਦਾ ਰੰਗ ਆਮ ਚੋਣਾਂ ਨਾਲੋਂ ਵੱਖਰਾ ਹੁੰਦਾ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਸਾਰੀਆਂ ਜ਼ਿਮਨੀ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਮਾਲਵਾ ਨਹਿਰ ਦੀ ਉਸਾਰੀ ਦਾ ਜ਼ਿਕਰ ਕੀਤਾ ਗਿਆ ਸੀ, ਉਸ ਦੀ ਉਸਾਰੀ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਹੈ, ਤਾਂ ਜੋ ਗਿੱਦੜਬਾਹਾ ਚੋਣ ਵਿਚ ਇਸ ਦਾ ਫ਼ਾਇਦਾ ਲਿਆ ਜਾ ਸਕੇ। ਪੰਜਾਬ ਸਰਕਾਰ ਨੇ ਹੁਣ ਤੋਂ ਕੰਮਾਂ ਦੀ ਰਫ਼ਤਾਰ ਵਧਾ ਦਿੱਤੀ ਹੈ।