#PUNJAB

ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ ਅਗਾਊਂ ਤਿਆਰੀਆਂ ਸ਼ੁਰੂ

ਚੰਡੀਗੜ੍ਹ, 26 ਅਗਸਤ (ਪੰਜਾਬ ਮੇਲ)- ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਈ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਲਈ ਲਾਮਬੰਦੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਕਾਂਗਰਸ ‘ਚ ਜ਼ਿਲ੍ਹਾ ਪ੍ਰਧਾਨਾਂ ਦਾ ਕਾਰਜਕਾਲ ਤਿੰਨ ਸਾਲ ਹੁੰਦਾ ਹੈ। 19 ਨਵੰਬਰ 2022 ਨੂੰ 29 ਪ੍ਰਧਾਨ ਨਿਯੁਕਤ ਕੀਤੇ ਗਏ ਸਨ, ਜਿਨ੍ਹਾਂ ਦੀ ਟਰਮ ਨਵੰਬਰ 2025 ਤੱਕ ਹੈ। ਹਾਲਾਂਕਿ ਉਸ ਤੋਂ ਪਹਿਲਾਂ ਹੀ ਨਵੀਆਂ ਨਿਯੁਕਤੀਆਂ ਲਈ ਕਸਰਤ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਸਬੰਧ ‘ਚ ਹਾਲ ਹੀ ‘ਚ 29 ਆਬਜ਼ਰਵਰ ਨਿਯੁਕਤ ਕੀਤੇ ਗਏ ਹਨ, ਜੋ ਪਹਿਲੀ ਸਤੰਬਰ ਤੋਂ ਆਪਣਾ ਕੰਮ ਸ਼ੁਰੂ ਕਰਨਗੇ। ਹਰ ਜ਼ਿਲ੍ਹੇ ‘ਚ ਤਿੰਨ-ਤਿੰਨ ਆਬਜ਼ਰਵਰ ਹੋਣਗੇ, ਜੋ ਰਾਸ਼ਟਰੀ ਲੀਡਰਸ਼ਿਪ ਨੂੰ ਵਿਸਥਾਰਤ ਰਿਪੋਰਟ ਭੇਜਣਗੇ। ਇਸ ਰਿਪੋਰਟ ਦੇ ਆਧਾਰ ‘ਤੇ ਹੀ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਹੋਵੇਗੀ।
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਨੇ ਕਾਂਗਰਸ ਅੰਦਰਲੇ ਮਤਭੇਦਾਂ ਨੂੰ ਖੁੱਲ੍ਹੇ ਤੌਰ ‘ਤੇ ਬੇਨਕਾਬ ਕਰ ਦਿੱਤਾ। ਨੇਤਾ ਇਕ ਦੂਜੇ ‘ਤੇ ਦੋਸ਼ ਲਾਉਣ ਤੋਂ ਲੈ ਕੇ ਮੀਡੀਆ ‘ਚ ਬਿਆਨਬਾਜ਼ੀ ਤੱਕ ਕਰਦੇ ਦਿਖਾਈ ਦਿੱਤੇ। ਇਹ ਸਥਿਤੀ ਨਾ ਸਿਰਫ਼ ਪਾਰਟੀ ਨੂੰ ਕਮਜ਼ੋਰ ਕਰ ਰਹੀ ਹੈ, ਸਗੋਂ ਵੋਟਰਾਂ ‘ਚ ਭਰੋਸੇ ਦੀ ਘਾਟ ਵੀ ਪੈਦਾ ਕਰ ਰਹੀ ਹੈ। ਕਈ ਸੀਨੀਅਰ ਨੇਤਾ ਆਪਣੀ ਤਾਕਤ ਸੋਸ਼ਲ ਮੀਡੀਆ ‘ਤੇ ਗਾਣਿਆਂ ਰਾਹੀਂ ਜਾਂ ਜਨਤਾ ਨਾਲ ਮਿਲਣ-ਜੁਲਣ ਰਾਹੀਂ ਦਿਖਾ ਰਹੇ ਹਨ ਪਰ ਇੱਕੋ ਮੰਚ ‘ਤੇ ਇਕੱਠੇ ਹੋਣ ਤੋਂ ਗੁਰੇਜ਼ ਕਰ ਰਹੇ ਹਨ।
ਸੋਮਵਾਰ ਦੀ ਮੀਟਿੰਗ ‘ਚ ਰਾਹੁਲ ਗਾਂਧੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਕਾਂਗਰਸ ਨੂੰ ਅੰਦਰੂਨੀ ਕਲੇਸ਼ ਤੋਂ ਬਾਹਰ ਨਿਕਲ ਕੇ 2027 ਦੀਆਂ ਚੋਣਾਂ ਲਈ ਇਕੱਠਾ ਹੋਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਪਾਰਟੀ ਨੇ ਆਪਸੀ ਏਕਤਾ ਨਾ ਦਿਖਾਈ, ਤਾਂ ਆਮ ਆਦਮੀ ਪਾਰਟੀ ਨੂੰ ਰਾਜਨੀਤਿਕ ਮੈਦਾਨ ‘ਚ ਖੁੱਲ੍ਹੀ ਛੋਟ ਮਿਲ ਜਾਵੇਗੀ। ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਇਹ ਸਾਫ਼ ਕਰ ਦਿੱਤਾ ਕਿ ਨਵੀਆਂ ਨਿਯੁਕਤੀਆਂ ਕਰਦਿਆਂ ਕਿਸੇ ਧੜੇ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ। ਪਾਰਟੀ ਦਾ ਇਕਮਾਤਰ ਉਦੇਸ਼ 2027 ‘ਚ ਮੁੜ ਸੱਤਾ ਪ੍ਰਾਪਤ ਕਰਨਾ ਹੈ।
ਕਾਂਗਰਸ ਨੇ ਹਾਲ ਹੀ ‘ਚ ਹਰਿਆਣਾ ‘ਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕਰ ਕੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਸੀ। ਹੁਣ ਉਹੀ ਮਾਡਲ ਪੰਜਾਬ ‘ਚ ਲਾਗੂ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਦੀ ਰਣਨੀਤੀ ਇਹ ਹੈ ਕਿ ਹਰ ਰਾਜ ‘ਚ ਜਥੇਬੰਦਕ ਢਾਂਚਾ ਹੁਣੇ ਤੋਂ ਪੂਰੀ ਤਰ੍ਹਾਂ ਮਜ਼ਬੂਤ ਕਰ ਕੇ ਚੋਣਾਂ ਸਮੇਂ ਉਮੀਦਵਾਰਾਂ ਦੀ ਚੋਣ ਆਸਾਨ ਬਣਾਈ ਜਾਵੇ, ਤਾਂ ਕਿ ਵਰਕਰਾਂ ‘ਚ ਕੋਈ ਗੁੰਝਲ ਨਾ ਰਹੇ।
ਇਸ ਵੇਲੇ ਪੰਜਾਬ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਅੰਦਰੂਨੀ ਏਕਤਾ ਹੈ। ਜੇ ਪਾਰਟੀ ਆਪਣੇ ਸੀਨੀਅਰ ਨੇਤਾਵਾਂ ਨੂੰ ਇਕ ਮੰਚ ‘ਤੇ ਲਿਆਉਣ ‘ਚ ਸਫਲ ਰਹੀ, ਤਾਂ 2027 ਦੀਆਂ ਚੋਣਾਂ ‘ਚ ਉਸ ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ ਨਹੀਂ ਤਾਂ ਧੜੇਬੰਦੀ ਤੇ ਕਲੇਸ਼ ਉਸ ਨੂੰ ਹੋਰ ਕਮਜ਼ੋਰ ਕਰ ਸਕਦੇ ਹਨ। ਰਾਜਾ ਵੜਿੰਗ ਨੇ ਮੀਟਿੰਗ ਤੋਂ ਬਾਅਦ ਦਾਅਵਾ ਕੀਤਾ ਕਿ ਜਲਦੀ ਹੀ ਸਾਰੇ ਮਤਭੇਦ ਖ਼ਤਮ ਹੋਣਗੇ ਤੇ ਨਵੀਂ ਟੀਮ ਪੰਜਾਬ ਕਾਂਗਰਸ ਨੂੰ ਮਜ਼ਬੂਤੀ ਦੇਵੇਗੀ।